ਕਿਸਾਨ ਆਗੂ ਚੜੂਨੀ ਨੇ ਸੰਯੁਕਤ ਕਿਸਾਨ ਮੋਰਚੇ ਦੀਆਂ ਬੈਠਕਾਂ ਦਾ ਕੀਤਾ ਬਾਈਕਾਟ

ਲੰਮੇ ਸਮੇਂ ਤੋਂ ਕਿਸਾਨ ਅੰਦੋਲਨ ‘ਚ ਡੱਟੇ ਬੈਠੇ ਕਿਸਾਨ ਆਗੂ ਗੁਰਨਾਮ ਚੜੂਨੀ ਨੇ ਅੱਜ ਫਸੇਬੁੱਕ ਦੀ ਲਾਈਵ ਵੀਡੀਓ ਸਾਂਝੀ ਕੀਤੀ ਹੈ। ਇਸ ਦੌਰਾਨ ਉਹਨਾਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਮੁਖੀਆਂ ‘ਤੇ ਗੰਭੀਰ ਇਲਜ਼ਾਮ ਲਗਾਏ ਹਨ। ਗੁਰਨਾਮ ਚੜੂਨੀ ਨੇ ਕਿਹਾ ਕਿ, ‘ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਉਹਨਾਂ ਨਾਲ ਸ਼ੁਰੂ ਤੋਂ ਹੀ ਭੇਦਭਾਵ ਕੀਤਾ ਜਾ ਰਿਹਾ ਹੈ।

ਉਹਨਾਂ ਕਿਹਾ ਕਿ, ਸੰਯੁਕਤ ਕਿਸਾਨ ਮੋਰਚੇ ਦੀਆਂ ਮੀਟਿੰਗਾਂ ਦਾ ਵੀ ਬਾਈਕਾਟ ਕਰ ਦਿੱਤਾ ਹੈ। ਦੱਸ ਦਈਏ ਕਿ ਆਪਣੇ ਫੇਸਬੁੱਕ ਪੇਜ਼ ‘ਤੇ ਉਨ੍ਹਾਂ ਲਿਖਿਆ ਕਿ, “ਮੈਨੂੰ ਅਫਸੋਸ ਹੈ ਕਿ ਸੰਯੁਕਤ ਕਿਸਾਨ ਮੋਰਚੇ ਦੇ ਮੁਖੀਆਂ ਅਤੇ ਖਾਸ ਕਰਕੇ ਪੰਜਾਬ ਦੀਆਂ ਯੂਨੀਅਨਾਂ ਦੇ ਪ੍ਰਧਾਨਾਂ ਨੇ ਬਹੁਤ ਸਾਰੇ ਲੋਕਾਂ ਨੂੰ ਧੱਕੇ ਮਾਰ ਬਾਹਰ ਕੱਢਿਆ ਅਤੇ ਘਟੀਆ ਵਿਹਾਰ ਕੀਤਾ ਹੈ ਜਿਸ ਦੇ ਮੱਦੇਨਜ਼ਰ ਉਹਨਾਂ ਫੈਸਲਾ ਕੀਤਾ ਹੈ ਕਿ ਉਹ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਵਿੱਚ ਨਹੀਂ ਜਾਣਗੇ।
ਪਰ ਅੰਦੋਲਨ ਦੇ ਸੰਬੰਧ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਹਰ ਫੈਸਲੇ ਦਾ ਸਵਾਗਤ ਕਰਨਗੇ ਅਤੇ ਅੰਦੋਲਨ ਵਿੱਚ ਪਹਿਲਾਂ ਤੋਂ ਵੀ ਜ਼ਿਆਦਾ ਕੰਮ ਕਾਰਨ ਦਾ ਗੁਰਨਾਮ ਚੜੂਨੀ ਵੱਲੋਂ ਐਲਾਨ ਕੀਤਾ ਗਿਆ ਹੈ। ਫਿਲਹਾਲ ਹੁਣ ਦੇਖਣਾ ਹੋਵੇਗਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵੱਲੋਂ ਗੁਰਨਾਮ ਚੜੂਨੀ ਵੱਲੋਂ ਲਏ ਗਏ ਫੈਸਲੇ ‘ਤੇ ਕੀ ਪ੍ਰਤੀਕਰਮ ਦਿੱਤਾ ਜਾਂਦਾ ਹੈ।
