News

ਕਿਸਾਨ ਅੰਦੋਲਨ ’ਚ ਡਟੇ ਫੌਜੀ ਜਵਾਨ, ਕਿਹਾ ਹੁਣ ਬਾਰਡਰ ਤੋਂ ਪਿੱਛੇ ਨਹੀਂ ਹਟਣ ਵਾਲੇ

ਕਿਸਾਨੀ ਅੰਦੋਲਨ ਵਿੱਚ ਹੁਣ ਫੌਜੀ ਵੀ ਉਤਰ ਆਏ ਹਨ। ਮੋਗਾ ਤੋਂ ਸੋਨੀਪਤ ਪੁੱਜੇ ਹੋਏ ਰਿਟਾਇਰਡ ਸੂਬੇਦਾਰ ਜੋਗਿੰਦਰ ਸਿੰਘ ਸਮੇਤ ਕਈ ਸੇਵਾ ਮੁਕਤ ਫੌਜੀ ਕਿਸਾਨਾਂ ਨਾਲ ਕੁੰਡਲੀ ਬਾਰਡਰ ਤੇ ਇਕੱਠੇ ਹੋਏ। ਜੋਗਿੰਦਰ ਸਿੰਘ ਨੇ ਕਿਹਾ ਕਿ ਸੰਨ 1965 ਤੇ 1971 ਵਿੱਚ ਅਸੀਂ ਭਾਰਤ-ਪਾਕਿਸਤਾਨ ਦੀ ਜੰਗ ਵਿੱਚ ਹਿੱਸਾ ਲਿਆ ਸੀ।

ਦੁਸ਼ਮਣ ਦੇ ਦੰਦ ਖੱਟੇ ਕੀਤੇ ਹਨ। ਹੁਣ ਅਪਣੀ ਹੀ ਸਰਕਾਰ ਦੇ ਕਿਸਾਨ ਵਿਰੋਧੀ ਕਾਨੂੰਨ ਵਿਰੁਧ ਸੜਕਾਂ ਤੇ ਆਉਣਾ ਪਿਆ ਹੈ। ਇੱਥੇ ਮੈਂ ਕਿਸਾਨਾਂ ਦੀ ਲੜਾਈ ਲੜਨ ਆਇਆ ਹਾਂ। ਇਹ ਹੱਕ ਦੀ ਆਵਾਜ਼ ਹੈ ਜੋ ਪੂਰੇ ਜ਼ੋਰ ਨਾਲ ਉਠੇਗੀ।

ਉਹਨਾਂ ਕਿਹਾ ਕਿ ਜਦੋਂ ਉਹ ਫ਼ੌਜੀ ਸੀ ਤਾਂ ਬਾਰਡਰ ਤੇ ਲੜੇ ਸੀ ਫਿਰ ਮੋਗਾ ਵਿੱਚ ਖੇਤੀ ਕੀਤੀ ਪਰ ਹੁਣ ਸਰਕਾਰ ਨੇ ਜਿਹੜੇ 3 ਕਾਲੇ ਕਾਨੂੰਨ ਬਣਾਏ ਹਨ ਉਹ ਇੰਝ ਜਾਪਦਾ ਹੈ ਕਿ ਜਿਵੇਂ ਕਿਸਾਨਾਂ ਦੀ ਕਮਰ ਤੋੜਨ ਦੀ ਕੋਈ ਯੋਜਨਾ ਹੋਵੇ। ਫੌਜ ਦੇ ਸਾਬਕਾ ਸੂਬੇਦਾਰ ਨੇ ਅੱਗੇ ਕਿਹਾ ਕਿ ਕੇਂਦਰ ਸਰਕਾਰ ਨੂੰ ਕਾਲੇ ਕਾਨੂੰਨ ਵਾਪਸ ਲੈਣੇ ਹੀ ਪੈਣਗੇ ਕਿਉਂ ਕਿ ਉਹਨਾਂ ਵਰਗੇ ਹੋਰ ਬਹੁਤ ਸਾਰੇ ਸਾਥੀ ਇਸ ਬਾਰਡਰ ਤੋਂ ਹਟਣ ਵਾਲੇ ਨਹੀਂ ਹਨ।

ਸਾਨੂੰ ਬਾਰਡਰ ਤੋਂ ਪਿੱਛੇ ਹਟਣ ਦੀ ਆਦਤ ਨਹੀਂ ਹੈ; ਭਾਵੇਂ ਉਹ ਦੇਸ਼ ਦੇ ਦੁਸ਼ਮਣ ਨਾਲ ਲੱਗਦਾ ਬਾਰਡਰ ਹੋਵੇ ਤੇ ਚਾਹੇ ਦਿੱਲੀ ਦਾ। ਸਰਕਾਰ ਨੇ 3 ਕਾਨੂੰਨਾਂ ਵਾਲਾ ਜਿਹੜਾ ਕਦਮ ਚੁੱਕਿਆ ਹੈ, ਉਹ ਉਸ ਨੂੰ ਵਾਪਸ ਲੈਣਾ ਹੀ ਪਵੇਗਾ। ਅਸੀਂ ਇਸ ਨੂੰ ਬਰਦਾਸ਼ਤ ਨਹੀਂ ਕਰਾਂਗੇ। ਦਸ ਦਈਏ ਕਿ 9 ਦਸੰਬਰ ਨੂੰ ਗੱਲਬਾਤ ਦਾ ਛੇਵਾਂ ਦੌਰ ਹੈ।

ਇਹਨਾਂ ਸੰਸਥਾਵਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਦਿੱਲੀ ਕੂਚ ਕਰਨ। ਉਹਨਾਂ ਕਿਹਾ ਕਿ ਕਿਸਾਨਾਂ ਨੇ ਹੁਣ ਤਕ ਮੋਦੀ ਦੀ ਮਨ ਕੀ ਬਾਤ ਸੁਣੀ ਹੈ ਪਰ ਮੋਦੀ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਦੇ ਮਨ ਕੀ ਬਾਤ ਸੁਣਨ। ਉੱਥੇ ਹੀ ਕਿਸਾਨ ਆਗੂ ਜਗਮੋਹਨ ਨੇ ਕਿਹਾ ਕਿ ਕਿਸਾਨ ਨੇਤਾਵਾਂ ਵਿੱਚ ਵਿਚਾਰ ਵਟਾਂਦਰੇ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ ਕਿ ਉਹ ਮੰਗਾਂ ਤੇ ਸਮਝੌਤਾ ਨਹੀਂ ਕਰਨਗੇ।

ਕਿਸਾਨ ਆਗੂ ਬਲਦੇਵ ਸਿੰਘ ਨਿਹਾਲਗੜ ਨੇ ਕਿਹਾ ਕਿ ਇਹ ਅੰਦੋਲਨ ਸਿਰਫ ਪੰਜਾਬ ਦਾ ਹੀ ਨਹੀਂ ਹੈ। ਸਾਰੇ ਦੇਸ਼ ਦੇ ਕਿਸਾਨ ਇਸ ਵਿੱਚ ਸ਼ਾਮਲ ਹਨ। ਕਿਸਾਨਾਂ ਵੱਲੋਂ ਭਾਰਤ ਬੰਦ ਦੇ ਸੱਦੇ ਤੇ ਮੰਤਰੀਆਂ ਵਿੱਚ ਹਲਚਲ ਹੈ।

ਬਲਦੇਵ ਸਿੰਘ ਨਿਹਾਲਗੜ ਨੇ ਦਸਿਆ ਕਿ ਭਾਰਤ 8 ਦਸੰਬਰ ਨੂੰ ਸਵੇਰ ਤੋਂ ਸ਼ਾਮ ਤਕ ਬੰਦ ਰਹੇਗਾ। ਚੱਕਾ ਜਾਮ ਦੁਪਹਿਰ 3 ਵਜੇ ਤੱਕ ਰਹੇਗਾ। ਸੜਕ ਐਂਬੂਲੈਂਸਾਂ ਅਤੇ ਵਿਆਹ ਲਈ ਖੁੱਲ੍ਹੀ ਰਹੇਗੀ ਤੇ ਸ਼ਾਮਤਈ ਢੰਗ ਨਾਲ ਪ੍ਰਦਰਸ਼ਨ ਕੀਤਾ ਜਾਵੇਗਾ। 

Click to comment

Leave a Reply

Your email address will not be published. Required fields are marked *

Most Popular

To Top