News

ਕਿਸਾਨੀ ਅੰਦੋਲਨ ਬਾਰੇ ਦਿੱਤੇ ਬਿਆਨ ਦੀ ਬੀਬੀ ਜਗੀਰ ਨੇ ਦੱਸੀ ਅਸਲੀਅਤ

ਕਿਸਾਨੀ ਅੰਦੋਲਨ ਦਾ ਮਾਮਲਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਕਿਸਾਨਾਂ ਵੱਲੋਂ ਪ੍ਰੈਸ ਕਾਨਫਰੰਸ ਕੀਤੀਆਂ ਜਾ ਰਹੀਆਂ ਹਨ ਤੇ ਉੱਥੇ ਹੀ ਕੇਂਦਰੀ ਮੰਤਰੀਆਂ ਦੀ ਬੈਠਕ ਹੁੰਦੀ ਰਹਿੰਦੀ ਹੈ। ਸੰਘਰਸ਼ ਨੂੰ ਲੈ ਕੇ ਬੀਬੀ ਜਗੀਰ ਦਾ ਬਿਆਨ ਵੀ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਕਿਸਾਨਾਂ ਨੇ ਉਹਨਾਂ ਖਿਲਾਫ਼ ਭੜਾਸ ਕੱਢੀ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਉਹ ਕਿਸਾਨ ਸੰਘਰਸ਼ ਦੀ ਅਗਵਾਈ ਕਰ ਰਹੇ ਕਿਸਾਨ ਆਗੂਆਂ ਤੇ ਉੱਥੇ ਪੁੱਜੀਆਂ ਸੰਗਤਾਂ ਦਾ ਸਤਿਕਾਰ ਕਰਦੇ ਹਨ, ਜਦਕਿ ਬੀਤੇ ਦਿਨੀਂ ਇੱਕ ਅਖ਼ਬਾਰ ਵਿੱਚ ਉਨ੍ਹਾਂ ਦੇ ਬਿਆਨ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ।

ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਜਾਰੀ ਬਿਆਨ ਵਿੱਚ ਬੀਬੀ ਜਗੀਰ ਕੌਰ ਨੇ ਕਿਹਾ ਕਿ ਬੀਤੇ ਕੱਲ੍ਹ ਦਿੱਲੀ ਵਿਖੇ ਕਿਸਾਨ ਆਗੂਆਂ ਵੱਲੋਂ ਪ੍ਰੈੱਸ ਕਾਨਫਰੰਸ ਦੌਰਾਨ ਮੇਰੇ ਜਿਸ ਬਿਆਨ ਬਾਰੇ ਪ੍ਰਤੀਕਰਮ ਦਿੱਤਾ ਗਿਆ ਹੈ, ਅਸਲ ਵਿੱਚ ਮੈਂ ਅਜਿਹਾ ਕੁਝ ਆਖਿਆ ਹੀ ਨਹੀਂ ਹੈ।

ਉਹਨਾਂ ਕਿਹਾ ਕਿ ਬੀਤੇ ਦਿਨੀਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਕੁਝ ਪੱਤਰਕਾਰਾਂ ਨੇ ਉਹਨਾਂ ਨੂੰ ਸਵਾਲ ਕੀਤਾ ਸੀ ਕਿ ਤੁਸੀਂ ਦਿੱਲੀ ਧਰਨੇ ਵਿੱਚ ਕਦੋਂ ਸ਼ਾਮਲ ਹੋਵੋਗੇ, ਜਿਸ ਤੇ ਉਹਨਾਂ ਜਵਾਬ ਦਿੱਤਾ ਸੀ ਕਿ ਦਿੱਲੀ ਵਿਖੇ ਬੈਠੇ ਕਿਸਾਨ ਤੇ ਸੰਗਤਾਂ ਉਹਨਾਂ ਵਿਚੋਂ ਹੀ ਹਨ। ਉਹ ਨਹੀਂ ਚਾਹੁੰਦੇ ਕਿ ਕਿਸਾਨੀ ਮੋਰਚੇ ਨੂੰ ਰਾਜਸੀ ਰੰਗ ਮਿਲੇ, ਇਸ ਲਈ ਉਹ ਕਿਸਾਨਾਂ ਦੇ ਪਿੱਛੇ ਚੱਲ ਰਹੇ ਹਨ।

ਕਿਸਾਨ ਮੋਰਚਿਆਂ ਦੀ ਅਗਵਾਈ ਕਰ ਰਹੇ ਕਿਸਾਨ ਆਗੂ ਜੋ ਵੀ ਉਹਨਾਂ ਨੂੰ ਕਹਿਣਗੇ ਉਹ ਉਸੇ ਤਰ੍ਹਾਂ ਦੀ ਸੇਵਾ ਕਰਨ ਨੂੰ ਤਿਆਰ ਹਨ। ਉਹ ਖੁਦ ਕਿਸਾਨੀ ਨਾਲ ਸਬੰਧਿਤ ਹਨ ਤੇ ਕਿਸਾਨਾਂ ਦਾ ਦਰਦ ਸਮਝਦੇ ਹਨ। ਬੀਬੀ ਜਗੀਰ ਕੌਰ ਨੇ ਕਿਹਾ ਕਿ ਮੇਰੇ ਇਸ ਬਿਆਨ ਨੂੰ ਇੱਕ ਅਖ਼ਬਾਰ ਵੱਲੋਂ ਗਲਤ ਰੰਗਤ ਦਿੱਤੀ ਗਈ ਹੈ ਜੋ ਸੱਚਾਈ ਹੈ, ਉਹ ਉਸ ਅਖ਼ਬਾਰ ਦੇ ਵੈੱਬ ਚੈਨਲ ’ਤੇ ਵੀਡੀਓ ਦੇ ਰੂਪ ਵਿੱਚ ਉਪਲੱਬਧ ਹੈ।

ਮੈਂ ਕਿਤੇ ਵੀ ਇਹ ਨਹੀਂ ਕਿਹਾ ਕਿ ਦਿੱਲੀ ਵਿਖੇ ਸੰਘਰਸ਼ ਕਰ ਰਹੇ ਕਿਸਾਨ ਸਾਡੇ ਬਿਠਾਏ ਹੋਏ ਹਨ। ਉਨ੍ਹਾਂ ਕਿਹਾ ਕਿ ਕਿਸਾਨ ਸੰਘਰਸ਼ ਸਾਡਾ ਸਭ ਦਾ ਸਾਂਝਾ ਸੰਘਰਸ਼ ਹੈ ਤੇ ਸਮੁੱਚੇ ਦੇਸ਼ ਵਾਸੀ ਇਸ ਦਾ ਹਿੱਸਾ ਹਨ।

ਅਸੀਂ ਸ਼੍ਰੋਮਣੀ ਕਮੇਟੀ ਵੱਲੋਂ ਸੰਘਰਸ਼ ਕਰ ਰਹੇ ਕਿਸਾਨਾਂ ਦੀ ਸੇਵਾ ਵਿਚ ਹਾਜ਼ਰ ਹਾਂ ਅਤੇ ਚੱਲ ਰਹੀਆਂ ਸੇਵਾਵਾਂ ਤੋਂ ਇਲਾਵਾ ਜੇਕਰ ਹੋਰ ਵੀ ਲੋੜ ਪਈ ਤਾਂ ਅਸੀਂ ਆਪਣਾ ਫ਼ਰਜ਼ ਨਿਭਾਉਣ ਤੋਂ ਪਿੱਛੇ ਨਹੀਂ ਹਟਾਂਗੇ।
  

Click to comment

Leave a Reply

Your email address will not be published. Required fields are marked *

Most Popular

To Top