ਕਿਸਾਨੀ ਅੰਦੋਲਨ ਪੂਰੇ ਦੇਸ਼ ’ਚ ਫੈਲਿਆ, ਸਰਕਾਰ ਦੀ ਉੱਡੀ ਨੀਂਦ

ਪੀਐਮ ਮੋਦੀ ਅਤੇ ਭਾਜਪਾ ਦੇ ਲੀਡਰ ਲਗਾਤਾਰ ਖੇਤੀ ਕਾਨੂੰਨਾਂ ਦੇ ਫ਼ਾਇਦੇ ਗਿਣਾ ਰਹੇ ਹਨ। ਪਰ ਕਿਸਾਨਾਂ ਵੱਲੋਂ ਵੀ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਖੇਤੀ ਕਾਨੂੰਨ ਨਹੀਂ ਚਾਹੀਦੇ ਤੇ ਇਹਨਾਂ ਨੂੰ ਰੱਦ ਕੀਤਾ ਜਾਵੇ।

ਸਰਕਾਰ ਨੇ ਕਿਸਾਨ ਸੰਘਰਸ਼ ਨੂੰ ਖਿੰਡਾਉਣ ਅਤੇ ਲਟਕਾਉਣ ਲਈ ਰਣਨੀਤੀ ਅਪਣਾਈ ਸੀ ਪਰ ਕਿਸਾਨ ਹੁਣ ਪੂਰੇ ਦੇਸ਼ ਵਿੱਚ ਫੈਲ ਗਿਆ ਹੈ। ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ ਤੇ ਉੱਤਰਾਖੰਡ ਦੇ ਕਿਸਾਨਾਂ ਤੋਂ ਬਾਅਦ ਹੁਣ ਮਹਾਰਾਸ਼ਟਰ ਤੇ ਹੋਰ ਕਈ ਸੂਬਿਆਂ ਦੇ ਕਿਸਾਨ ਵੀ ਦਿੱਲੀ ਪੁੱਜ ਗਏ ਹਨ।
ਇਹ ਅੰਦੋਲਨ ਹੁਣ ਪੂਰੇ ਭਾਰਤ ਵਿੱਚ ਫੈਲ ਗਿਆ ਹੈ। ਖੁਫੀਆ ਏਜੰਸੀਆਂ ਦੀਆਂ ਰਿਪੋਰਟਾਂ ਨੇ ਵੀ ਸਰਕਾਰ ਦੀ ਫਿਕਰ ਵਧਾ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ ਜੇ ਇਹ ਅੰਦੋਲਨ ਇਕ ਮਹੀਨਾ ਹੋਰ ਚਲਿਆ ਤਾਂ ਪੂਰੇ ਦੇਸ਼ ਦੇ ਕਿਸਾਨ ਸੜਕਾਂ ਤੇ ਆ ਸਕਦੇ ਹਨ।
ਇਸ ਬਾਰੇ ਭਾਰਤੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਜਗਮੋਹਨ ਸਿੰਘ ਨੇ ਦਸਿਆ ਕਿ ਮਹਾਰਾਸ਼ਟਰ ਦੇ ਕਿਸਾਨ ਟਿਕਰੀ ਵਿਖੇ ਪਹਿਲੇ ਜੱਥੇ ਦੇ ਰੂਪ ਵਿੱਚ ਪਹੁੰਚੇ ਹਨ। ਉਹਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ ਹੈ ਤੇ ਇਸ ਕੌਮੀ ਅੰਦੋਲਨ ਵਿੱਚ ਸ਼ਾਲ ਹੋਣ ਲਈ ਧੰਨਵਾਦ ਕੀਤਾ ਗਿਆ ਹੈ।
ਮਹਾਰਾਸ਼ਟਰ ਦੇ 21 ਜ਼ਿਲ੍ਹਿਆਂ ਦੇ ਇਹ ਕਿਸਾਨ ਸੋਮਵਾਰ ਨਾਸਿਕ ਤੋਂ ਚੱਲੇ ਸਨ। ਇਸ ਤੋਂ ਇਲਾਵਾ ਰਾਜਸਥਾਨ ਤੋਂ ਵੀ ਕਿਸਾਨਾਂ ਨੇ ਦਿੱਲੀ ਵੱਲ ਚਾਲੇ ਪਾ ਲਏ ਹਨ। ਟਿਕਰੀ ਦਾ ਧਰਨਾ ਹੁਣ ਸਭ ਤੋਂ ਜ਼ਿਆਦਾ ਇਕੱਠ ਵਾਲੀ ਥਾਂ ਬਣ ਗਿਆ ਹੈ।
ਗਾਜ਼ੀਪੁਰ ਬਾਰਡਰ ਤੋਂ ਕਿਸਾਨ ਆਗੂ ਹਰਪ੍ਰੀਤ ਸਿੰਘ ਸਿੰਧੂ ਨੇ ਦਸਿਆ ਕਿ ਉੱਤਰਾਖੰਡ, ਉੱਤਰ ਪ੍ਰਦੇਸ਼ ਦੇ ਹੋਰਨਾਂ ਹਿੱਸਿਆਂ ਤੋਂ ਵੀ ਕਿਸਾਨਾਂ ਦਾ ਧਰਨੇ ਵਿੱਚ ਟਰੈਕਟਰ-ਟਰਾਲੀਆਂ ਸਮੇਤ ਪਹੁੰਚਣ ਦਾ ਸਿਲਸਿਲਾ ਜਾਰੀ ਹੈ। ਸਿੰਘੂ ਧਰਨੇ ਵਿੱਚ ਵੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਕਿਸਾਨ ਸ਼ਾਮਲ ਹੋਣ ਲੱਗੇ ਹਨ।
