ਕਿਸਾਨੀ ਅੰਦੋਲਨ ਨੂੰ 1 ਸਾਲ ਪੂਰਾ ਹੋਣ ’ਤੇ ਵੱਖ ਵੱਖ ਲੀਡਰਾਂ ਨੇ ਕਿਸਾਨਾਂ ਦੇ ਹੌਂਸਲੇ ਨੂੰ ਕੀਤਾ ਸਲਾਮ

ਖੇਤੀ ਕਾਨੂੰਨ ਨੂੰ ਰੱਦ ਕਰਵਾਉਣ ਲਈ ਦਿੱਲੀ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਨੂੰ ਅੱਜ 1 ਸਾਲ ਪੂਰਾ ਹੋ ਗਿਆ ਹੈ। ਕਿਸਾਨ ਅੰਦੋਲਨ ਦੌਰਾਨ ਹੁਣ ਤੱਕ 700 ਦੇ ਲਗਭਗ ਕਿਸਾਨਾਂ ਦੀ ਮੌਤ ਵੀ ਹੋ ਚੁੱਕੀ ਹੈ ਪਰ ਕਿਸਾਨ ਪੂਰੇ ਸਬਰ ਅਤੇ ਦ੍ਰਿੜ ਵਿਸ਼ਵਾਸ ਨਾਲ ਦਿੱਲੀ ਦੀਆਂ ਸਰਹੱਦਾਂ ਤੇ ਡਟੇ ਹੋਏ ਹਨ। ਕਿਸਾਨੀ ਅੰਦੋਲਨ ਨੂੰ ਇੱਕ ਸਾਲ ਪੂਰਾ ਹੋਣ ਤੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਕਿਸਾਨਾਂ ਦੀ ਸ਼ਲਾਘਾ ਕੀਤੀ ਹੈ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬਕਾਇਦਾ ਤੌਰ ਤੇ ਟਵੀਟ ਕਰਕੇ ਕਿਸਾਨਾਂ ਦੇ ਅੰਦੋਲਨ ਲਈ ਉਹਨਾਂ ਨੂੰ ਸਲਾਮ ਕੀਤੀ ਹੈ। ਮੁੱਖ ਮੰਤਰੀ ਚੰਨੀ ਨੇ ਟਵੀਟ ਕਰਦੇ ਹੋਏ ਕਿਹਾ, ”ਮੈਂ ਸਾਡੇ ਅੰਨ ਦਾਤਿਆਂ ਨੂੰ ਸਲਾਮ ਕਰਦਾ ਹਾਂ, ਜੋ ਉਨ੍ਹਾਂ ਨੇ ਅਦੁੱਤੀ ਜ਼ਜ਼ਬਾ ਵਿਖਾਇਆ ਹੈ ਅਤੇ ਇੱਕ ਸਾਲ ਤੋਂ ਦਿੱਲੀ ਵਿੱਚ ਬੈਠੇ, ਕੇਂਦਰ ਦੀ ਮੋਦੀ ਸਰਕਾਰ ਵੱਲੋਂ ਬਣਾਏ ਕਾਲੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਕਰ ਰਹੇ ਹਨ।
ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਕਿਸਾਨਾਂ ਦਾ ਅਹਿੰਸਾ ਭਰਿਆ ਸੰਘਰਸ਼ ਨਾ ਸਿਰਫ ਖੇਤੀ ਕਾਨੂੰਨ ਰੱਦ ਕਰਾਉਣ ਲਈ ਸਗੋਂ ਲੋਕਤੰਤਰ ਅਤੇ ਮਨੁੱਖੀ ਅਧਿਕਾਰਾਂ ਨੂੰ ਕਾਇਮ ਰੱਖਣ ਲਈ ਬਹਾਦਰੀ, ਸਬਰ ਅਤੇ ਦ੍ਰਿੜਤਾ ਦੀ ਅਨੋਖੀ ਮਿਸਾਲ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਕਿਸਾਨਾਂ ਦੇ ਹੌਸਲੇ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਟਵੀਟ ਕਰਦੇ ਕਿਹਾ ਕਿ ਅੱਜ ਕਿਸਾਨ ਅੰਦੋਲਨ ਦਾ ਇੱਕ ਸਾਲ ਪੂਰਾ ਹੋ ਗਿਆ ਹੈ।

ਕਿਸਾਨਾਂ ਨੇ ਇਸ ਇਤਿਹਾਸਕ ਅੰਦੋਲਨ ਦੌਰਾਨ ਬਹੁਤ ਕੁੱਝ ਸਹਿਣ ਕੀਤਾ ਹੈ। ਗਰਮੀ, ਸਰਦੀ, ਬਾਰਸ਼, ਤੂਫਾਨ ਵਿਚਕਾਰ ਸਾਜਿਸ਼ਾਂ ਨੂੰ ਵੀ ਝੱਲਿਆ ਹੈ। ਕੇਜਰੀਵਾਲ ਨੇ ਕਿਹਾ ਕਿ ਦੇਸ਼ ਕਿਸਾਨਾਂ ਨੇ ਸਾਨੂੰ ਸਬਕ ਸਿਖਾਇਆ ਹੈ ਕਿ ਸਬਰ ਦੇ ਨਾਲ ਹੱਕ ਦੀ ਲੜਾਈ ਕਿਵੇਂ ਲੜੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਮੈਂ ਕਿਸਾਨ ਭਰਾਵਾਂ ਦੇ ਹੌਸਲੇ, ਜਜ਼ਬੇ ਅਤੇ ਕੁਰਬਾਨੀਆਂ ਨੂੰ ਸਲਾਮ ਕਰਦਾ ਹਾਂ।
ਉੱਥੇ ਹੀ ਹਰਪਾਲ ਸਿੰਘ ਚੀਮਾ ਨੇ ਫੇਸਬੁੱਕ ਤੇ ਕਿਸਾਨਾਂ ਸਬੰਧੀ ਪੋਸਟ ਪਾਈ ਹੈ। ਉਹਨਾਂ ਲਿਖਿਆ ਕਿ, ਕਿਸਾਨੀ ਅੰਦੋਲਨ ਨੂੰ 1 ਸਾਲ ਪੂਰੇ ਹੋਣ ‘ਤੇ ਸਾਰੇ ਸੰਘਰਸ਼ ਕਰ ਰਹੇ ਯੋਧਿਆਂ ਅਤੇ ਸ਼ਹੀਦਾਂ ਨੂੰ ਸਲਾਮ। ਪੰਜਾਬ ਦੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਟਵੀਟ ਕਰਦਿਆਂ ਲਿਖਿਆ ਕਿ, ਮੈਂ ਸਾਰੇ ਪੰਜਾਬੀਆਂ ਨਾਲ 3 ਸਖ਼ਤ ਕਾਨੂੰਨਾਂ ਨੂੰ ਵਾਪਸ ਲੈਣ ਲਈ ਸਾਡੇ ਕਿਸਾਨਾਂ ਦੀਆਂ ਮਹਾਨ ਕੁਰਬਾਨੀਆਂ ਅੱਗੇ ਸਿਰ ਝੁਕਾਉਂਦਾ ਹਾਂ।
ਸਾਡੀਆਂ ਅੰਨਦਾਤਾਵਾਂ ਨੇ ਨਾ ਸਿਰਫ਼ ਆਪਣੇ ਖੇਤਾਂ ਦੇ ਅਧਿਕਾਰਾਂ ਨੂੰ ਮੁੜ ਸੁਰੱਖਿਅਤ ਕੀਤਾ ਹੈ, ਸਗੋਂ ਲੋਕਤੰਤਰ ਵਿੱਚ ਜਮਹੂਰੀ ਵਿਰੋਧ ਦੇ ਰੂਪਾਂ ਨੂੰ ਵੀ ਦੁਹਰਾਇਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਕਿਸਾਨਾਂ ਨੂੰ ਵਧਾਈ ਦਿੱਤੀ ਹੈ।
ਉਹਨਾਂ ਲਿਖਿਆ ਕਿ, ਦਿੱਲੀ ਦੀਆਂ ਸਰਹੱਦਾਂ ‘ਤੇ ਪਿਛਲੇ ਇਕ ਸਾਲ ਤੋਂ 3 ਵਿਵਾਦਪੂਰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੇ ਸਾਬਤ ਕਰ ਦਿੱਤਾ ਹੈ ਕਿ ਭੁੱਖਿਆਂ ਨੂੰ ਭੋਜਨ ਦੇਣ ਵਾਲੇ ਅੰਨਦਾਤਾ ਦੇ ਅਟੁੱਟ ਇਰਾਦੇ ਨੂੰ ਕੁਝ ਵੀ ਨਹੀਂ ਤੋੜ ਸਕਦਾ। ਅਕਾਲੀ ਦਲ ਵੱਡੀ ਜਿੱਤ ‘ਤੇ ਕਿਸਾਨ ਭਾਈਚਾਰੇ ਨੂੰ ਵਧਾਈ ਦਿੰਦਾ ਹੈ।
