ਕਿਸਾਨੀ ਅੰਦੋਲਨ ਦੀ ਮਦਦ ਲਈ ਵਿਦੇਸ਼ਾਂ ਤੋਂ ਮਿਲ ਰਿਹਾ ਹੈ ਵੱਡਾ ਯੋਗਦਾਨ

ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਤੇ ਹੋਰਨਾਂ ਸੂਬਿਆਂ ਦੇ ਲੋਕਾਂ ਨੇ ਦਿੱਲੀ ਵਿੱਚ ਪਿਛਲੇ 20 ਦਿਨਾਂ ਤੋਂ ਧਰਨਾ ਲਾਇਆ ਹੋਇਆ ਹੈ। ਪੰਜਾਬ ਦੇ 12,797 ਪਿੰਡਾਂ ਦੇ ਕਿਸਾਨ ਇੱਥੇ ਪੁੱਜੇ ਹੋਏ ਹਨ। ਸਰਕਾਰ ਨਾਲ ਕਿਸਾਨਾਂ ਦੀ ਕਈ ਵਾਰ ਗੱਲ ਹੋ ਚੁੱਕੀ ਹੈ ਪਰ ਅਜੇ ਤਕ ਮਾਮਲਾ ਕਿਸੇ ਤਣ-ਪੱਤਣ ਨਹੀਂ ਲਗ ਸਕਿਆ।

ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਨੇ ਦਾਅਵਾ ਕੀਤਾ ਹੈ ਕਿ ਹੁਣ ਤੱਕ 80 ਹਜ਼ਾਰ ਅਮਰੀਕੀ ਡਾਲਰ ਇਕੱਠੇ ਕੀਤੇ ਜਾ ਚੁੱਕੇ ਹਨ। ਸਾਰੇ ਪੈਸੇ ਇਸ ਅੰਦੋਲਨ ਵਿੱਚ ਲਾਏ ਜਾਣਗੇ। ਸੁਸਾਇਟੀ ਨੇ ਐਲਾਨ ਕੀਤਾ ਹੈ ਕਿ ਕਿਸਾਨ ਅੰਦੋਲਨ ਦੌਰਾਨ ਸੜਕ ਹਾਦਸਿਆਂ ਜਾਂ ਹੋਰ ਕਾਰਨਾਂ ਕਰਕੇ ਮੌਤਾਂ ਦਾ ਸ਼ਿਕਾਰ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ 50-50 ਹਜ਼ਾਰ ਰੁਪਏ ਤੇ ਉਨ੍ਹਾਂ ਦੀਆਂ ਧੀਆਂ ਤਕ ਦਾ ਵਿਆਹ ਸੰਸਥਾ ਵੱਲੋਂ ਕੀਤਾ ਜਾਏਗਾ।
ਸੰਗਠਨ ਦੇ ਬੁਲਾਰੇ ਬਲਵਿੰਦਰ ਸਿੰਘ ਪੱਖੋਕੇ ਨੇ ਕਿਹਾ ਕਿ ਉਨ੍ਹਾਂ ਕੋਲ ਵੱਖ-ਵੱਖ ਦੇਸ਼ਾਂ ਤੋਂ ਪੈਸੇ ਆ ਰਹੇ ਹਨ। ਦੱਸ ਦਈਏ ਕਿ ਜਿੱਥੇ ਪਿਛਲੇ ਕੁਝ ਦਿਨਾਂ ਤੋਂ ਅੰਦੋਲਨ ਵਿੱਚ ਹਿੱਸਾ ਲੈਣ ਵਾਲੇ ਲੋਕਾਂ ਨੂੰ ਲੰਗਰ, ਡਾਕਟਰੀ ਸਹੂਲਤਾਂ, ਮਠਿਆਈਆਂ ਆਦਿ ਵੰਡੀਆਂ ਜਾ ਰਹੀਆਂ ਹਨ।
ਉੱਧਰ ਹੀ ਇੱਥੇ ਆਉਣ ਵਾਲੇ ਕੁਝ ਮਕੈਨਿਕ ਵੀ ਸੇਵਾ ਭਾਵਨਾ ਨਾਲ ਟਰੈਕਟਰ ਦੀ ਮੁਫਤ ਸਰਵਿਸ ਕਰ ਰਹੇ ਹਨ। ਸਿਰਫ ਇਹ ਹੀ ਨਹੀਂ, ਛੋਟੇ-ਛੋਟੇ ਪਾਰਟਸ ਵੀ ਮੁਫਤ ਪਾ ਰਹੇ ਹਨ। ਇੱਥੇ ਸਾਰਾ ਦਿਨ ਟਰੈਕਟਰ ਫਿਕਸਿੰਗ ਕਰਵਾਉਣ ਵਾਲੇ ਕਿਸਾਨਾਂ ਦਾ ਇਕੱਠ ਹੁੰਦਾ ਹੈ ਕਿਉਂਕਿ ਜ਼ਿਆਦਾਤਰ ਕਿਸਾਨ ਟਰੈਕਟਰਾਂ ‘ਤੇ ਪਹੁੰਚੇ ਹਨ।
ਇਸ ਦੇ ਨਾਲ ਹੀ ਟੈਂਟ ਸਿਟੀ ਵਿੱਚ ਸਟੈਂਡਿੰਗ ਹੀਟਰਸ ਵੀ ਲਾਏ ਗਏ ਹਨ ਜਿਸ ਦੇ ਨਾਲ ਕਿਸਾਨਾਂ ਨੂੰ ਠੰਢ ਤੋਂ ਬਚਾਇਆ ਜਾ ਸਕੇ। ਠੰਢ ਤੋਂ ਬਚਾਅ ਦੇ ਨਾਲ-ਨਾਲ ਮੱਛਰਾਂ ਤੋਂ ਨਜਿੱਠਣ ਦੇ ਪ੍ਰਬੰਧ ਵੀ ਕੀਤੇ ਜਾ ਰਹੇ ਹਨ। ਵੱਖ-ਵੱਖ ਥਾਂਵਾਂ ‘ਤੇ ਫੌਗਿੰਗ ਕੀਤੀ ਜਾ ਰਹੀ ਹੈ ਤੇ ਛੋਟੇ ਟੈਂਟ ਹਾਊਸ ਬਣਾਏ ਜਾ ਰਹੇ ਹਨ। ਜਿਸ ਵਿਚ ਸਿਰਫ ਇੱਕ ਜਾਂ ਦੋ ਵਿਅਕਤੀ ਸੌ ਸਕਦੇ ਹਨ।
