ਕਿਸਾਨੀ ਅੰਦੋਲਨ ਖ਼ਤਮ ਹੋਣ ਦੇ ਨਾਲ ਹੀ ‘ਟੋਲ ਪਲਾਜ਼ਾ’ ਵਾਲਿਆਂ ਨੇ ਖਿੱਚੀ ਤਿਆਰੀ, ਨਵੇਂ ਰੇਟ ਹੋਏ ਜਾਰੀ

ਕਿਸਾਨ ਅੰਦੋਲਨ 15 ਦਸੰਬਰ ਤੋਂ ਪੰਜਾਬ ਵਿੱਚ ਵੀ ਖ਼ਤਮ ਕਰ ਦਿੱਤਾ ਜਾਵੇਗਾ। ਅੰਦੋਲਨ ਖ਼ਤਮ ਹੋਣ ਦੇ ਨਾਲ ਹੀ ਕੰਪਨੀਆਂ ਨੇ ਟੋਲ ਪਲਾਜ਼ਾ ਤੇ ਟੈਕਸ ਵਸੂਲੀ ਦੀਆਂ ਤਿਆਰੀਆਂ ਫਿਰ ਤੋਂ ਸ਼ੁਰੂ ਕਰ ਦਿੱਤੀਆਂ ਹਨ। 15 ਤਰੀਕ ਤੋਂ ਟੋਲ ਪਲਾਜ਼ਿਆਂ ਤੇ ਵਾਹਨਾਂ ਦੀ ਟੈਕਸ ਵਸੂਲੀ ਸ਼ੁਰੂ ਕੀਤੇ ਜਾਣ ਦੀ ਸੰਭਾਵਨਾ ਹੈ ਅਤੇ ਵਧੇ ਹੋਏ ਰੇਟ ਵਸੂਲੇ ਜਾਣਗੇ।

ਟੋਲ ਪਲਾਜ਼ਿਆਂ ਤੇ ਵਾਹਨਾਂ ਦੀ ਨਵੀਂ ਰੇਟ ਲਿਸਟ ਜਾਰੀ ਕੀਤੀ ਗਈ ਹੈ ਜਿਸ ਵਿੱਚ ਪਿਛਲੇ ਟੋਲ ਰੇਟਾਂ ਤੋਂ 5 ਫ਼ੀਸਦੀ ਵਾਧਾ ਹੋਇਆ ਹੈ। ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਨੂੰ ਮੁੜ ਤੋਂ ਸ਼ੁਰੂ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਇਸ ਦੀ ਮੁਰੰਮਤ ਕਰਨ ਦਾ ਕੰਮ ਸ਼ੁਰੂ ਹੋ ਗਿਆ ਹੈ। ਪਿਛਲੇ 4 ਮਹੀਨਿਆਂ ਤੋਂ ਟੋਲ ਪਲਾਜ਼ਾ ਤੇ ਲੱਗੇ ਸਾਰੇ ਸਿਸਟਮ ਖਰਾਬ ਹੋ ਚੁੱਕੇ ਸਨ, ਜਿਸ ਨੂੰ ਫਿਰ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ।
ਪਲਾਜ਼ਾ ਦੇ ਮੇਨੈਜ਼ਰ ਸਰਫਾਜ਼ ਖਾਨ ਨੇ ਦੱਸਿਆ ਕਿ ਹੁਣ ਤੱਕ ਉਹਨਾਂ ਨੂੰ ਐਨਐਚਆਈ ਤੋਂ ਟੋਲ ਸ਼ੁਰੂ ਕਰਨ ਦਾ ਕੋਈ ਹੁਕਮ ਜਾਰੀ ਨਹੀਂ ਹੋਇਆ। ਹਾਲ ਹੀ ਘੜੀ ਉਹਨਾਂ ਦੀ ਕੰਪਨੀ ਟੋਲ ਤੇ ਸਾਰੇ ਸਿਸਟਮ ਚੈਕ ਕਰਕੇ ਉਹਨਾਂ ਨੂੰ ਠੀਕ ਕਰ ਰਹੀ ਹੈ ਅਤੇ ਜਿਉਂ ਹੀ ਐਨਐਚਆਈ ਤੋਂ ਹੁਕਮ ਆਉਂਦੇ ਹਨ ਤਾਂ ਉਸੇ ਸਮੇਂ ਟੋਲ ਸ਼ੁਰੂ ਹੋ ਜਾਵੇਗਾ। ਸਾਰਾ ਸਟਾਫ਼ ਅਤੇ ਟੋਲ ਤੇ ਸਕਿਓਰਿਟੀ ਤਾਇਨਾਤ ਕੀਤੀ ਜਾ ਰਹੀ ਹੈ। ਟੋਲ ਦੇ ਜੋ ਰੇਟ ਇੱਕ ਸਤੰਬਰ ਨੂੰ ਲਾਗੂ ਹੋਏ ਹਨ, ਉਹੀ ਨਵੇਂ ਰੇਟ ਲਾਏ ਗਏ ਹਨ।
