ਕਿਸਾਨਾਂ-ਮਜ਼ਦੂਰਾਂ ਨੇ ਮੁਹੱਲਾ ਕਲੀਨਿਕ ਤੋਂ ਹਟਾਇਆ ਸੀਐਮ ਮਾਨ ਦੀ ਫੋਟੋ ਵਾਲਾ ਬੋਰਡ, ਪ੍ਰਸ਼ਾਸਨ ਨੂੰ ਪਈਆਂ ਭਾਜੜਾਂ

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਮੁਹੱਲਾ ਕਲੀਨਿਕ ਬਣਾਏ ਜਾ ਰਹੇ ਹਨ। ਇਸ ਦਾ ਕੁਝ ਥਾਵਾਂ ਤੇ ਵਿਰੋਧ ਵੀ ਕੀਤਾ ਜਾ ਰਿਹਾ ਹੈ। ਪ੍ਰਾਇਮਰੀ ਸਿਹਤ ਕੇਂਦਰ ਰੂੜੇਕੇ ਕਲਾਂ ਨੂੰ ਮੁਹੱਲਾ ਕਲੀਨਿਕ ਵਿੱਚ ਤਬਦੀਲ ਕਰਨ ਦਾ ਵਿਰੋਧ ਕਰ ਰਹੀਆਂ ਕਿਸਾਨ ਅਤੇ ਮਜ਼ਦੂਰ ਜੱਥੇਬੰਦੀਆਂ ਵੱਲੋਂ ਮੰਗਲਵਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਤਸਵੀਰ ਵਾਲਾ ਬੋਰਡ ਉਤਾਰ ਦਿੱਤੇ ਜਾਣ ਕਾਰਨ ਪ੍ਰਸ਼ਾਸਨ ਨੂੰ ਭਾਜੜਾਂ ਪੈ ਗਈਆਂ ਹਨ।
ਬੋਰਡ ਉਤਾਰਨ ਮੌਕੇ ਸੀਪੀਆਈਐਮਐਲ ਲਿਬਰੇਸ਼ਨ ਦੇ ਸੂਬਾ ਆਗੂ ਕਾਮਰੇਡ ਗੁਰਪ੍ਰੀਤ ਸਿੰਘ, ਕਾਮਰੇਡ ਹਰਚਰਨ ਸਿੰਘ, ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਮੱਖਣ ਅਤੇ ਕਾਦੀਆਂ ਦੇ ਬਲਾਕ ਭੁਪਿੰਦਰ ਸਿੰਘ ਬਿੱਟੂ ਨੇ ਕਿਹਾ ਕਿ ਚਾਰ ਦਹਾਕੇ ਪੁਰਾਣੀ ਪੀਐਚਸੀ ਨੂੰ ਆਮ ਆਦਮੀ ਕਲੀਨਿਕ ਵਿੱਚ ਤਬਦੀਲ ਕਰਨਾ ਲੋਕਾਂ ਦੀਆਂ ਅੱਖਾਂ ਚ ਘੱਟਾ ਪਾਉਣ ਵਾਲੀ ਗੱਲ ਹੈ।
ਉਨ੍ਹਾਂ ਕਿਹਾ ਕਿ ਇਸ ਕੇਂਦਰ ਨਾਲ ਆਸ-ਪਾਸ ਦੇ ਸੱਤ ਪਿੰਡ ਜੁੜੇ ਹੋਏ ਹਨ ਅਤੇ ਇਸ ਨੂੰ ਕਲੀਨਿਕ ’ਚ ਬਦਲ ਕੇ ਸਰਕਾਰ ਇਸ ਪੀਐੱਚਸੀ ਦੇ ਭਵਿੱਖ ’ਚ ਸੀਐੱਚਸੀ ਬਣ ਜਾਣ ਦੇ ਰਸਤੇ ਬੰਦ ਕਰ ਰਹੀ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਅਤੇ 26 ਜਨਵਰੀ ਨੂੰ ਇਸ ਦਾ ਉਦਘਾਟਨ ਨਹੀਂ ਹੋਣ ਦੇਣਗੇ।
ਬੋਰਡ ਉਤਾਰੇ ਜਾਣ ਦੀ ਖਬਰ ਜਦ ਜ਼ਿਲ੍ਹਾ ਪ੍ਰਸ਼ਾਸਨ ਨੂੰ ਮਿਲੀ ਤਾਂ ਐੱਸਡੀਐੱਮ ਬਰਨਾਲਾ ਗੋਪਾਲ ਸਿੰਘ, ਐੱਸਐੱਮਓ ਸਤਵੰਤ ਸਿੰਘ ਔਜਲਾ, ਮੈਡੀਕਲ ਅਫ਼ਸਰ ਜਤਿਨ, ਜਸਕਰਨ ਸਿੰਘ ਬਰਾਡ਼ ਤਹਿਸੀਲਦਾਰ ਤਪਾ, ਕਾਨੂੰਨਗੋ ਇਕਬਾਲ ਸਿੰਘ ਅਤੇ ਐੱਸਡੀਓ ਸੰਦੀਪ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ।
ਇਸ ਮੌਕੇ ਅਧਿਕਾਰੀਆਂ ਨੇ ਬੋਰਡ ਉਤਾਰਨ ਵਾਲੀਆਂ ਜਥੇਬੰਦੀਆਂ ਦੇ ਆਗੂਆਂ ਨੂੰ ਲਿਖਤੀ ਵਿਸ਼ਵਾਸ ਦਿਵਾਇਆ ਕਿ ਇਸ ਪੀਐੱਚਸੀ ਦਾ ਬੋਰਡ ਪਹਿਲਾ ਵਾਲਾ ਹੀ ਰਹਿਣ ਦਿੱਤਾ ਜਾਵੇਗਾ ਅਤੇ ਨਾ ਹੀ ਪਹਿਲੀ ਕੋਈ ਆਸਾਮੀ ਖ਼ਤਮ ਕੀਤੀ ਜਾਵੇਗੀ।