ਕਿਸਾਨਾਂ ਨੇ ਰਾਤ ਨੂੰ ਫਿਰ ਤੋਂ ਘੇਰੀ ਯਾਤਰੀ ਰੇਲ ਗੱਡੀ, ਕੀਤਾ ਪ੍ਰਦਰਸ਼ਨ

ਪੰਜਾਬ ਵਿੱਚ ਯਾਤਰੀ ਰੇਲਾਂ ਅਤੇ ਮਾਲ ਗੱਡੀਆਂ ਨੂੰ ਹਰੀ ਝੰਡੀ ਮਿਲ ਚੁੱਕੀ ਹੈ। ਪਰ ਉੱਥੇ ਹੀ ਕੁੱਝ ਕਿਸਾਨਾਂ ਨੇ ਫਿਰ ਤੋਂ ਯਾਤਰੀ ਰੇਲ ਨੂੰ ਰੋਕ ਦਿੱਤਾ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅੰਮ੍ਰਿਤਸਰ ਕੋਲ ਜੰਡਿਆਲਾ ਗੁਰੂ ਰੇਲਵੇ ਸਟੇਸ਼ਨ ਤੇ ਟ੍ਰੈਕ ਤੇ ਅੰਦੋਲਨ ਸ਼ੁਰੂ ਕਰ ਦਿੱਤਾ ਗਿਆ ਹੈ।

ਜਿਸ ਕਾਰਨ ਅੰਮ੍ਰਿਤਸਰ ਨੂੰ ਜਾਣ ਵਾਲੀਆਂ ਟਰੇਨਾਂ ਨੂੰ ਜਲੰਧਰ ਹੀ ਰੁਕਣਾ ਪਿਆ। ਦਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਹੋਈ ਬੈਠਕ ਵਿੱਚ ਕਿਸਾਨ ਜੱਥੇਬੰਦੀਆਂ ਨੇ ਫ਼ੈਸਲਾ ਲਿਆ ਸੀ ਕਿ 15 ਦਿਨ ਲਈ ਰੇਲਵੇ ਟ੍ਰੈਕ ਖਾਲੀ ਕੀਤੇ ਜਾਣਗੇ ਤੇ ਪੰਜਾਬ ਵਿੱਚ ਮਾਲ ਗੱਡੀਆਂ ਤੇ ਯਾਤਰੀ ਗੱਡੀਆਂ ਚੱਲਣ ਦਿੱਤੀਆਂ ਜਾਣਗੀਆਂ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕੈਪਟਨ ਦੀ ਬੈਠਕ ਦਾ ਬਾਈਕਾਟ ਕੀਤਾ ਸੀ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕਿਹਾ ਕਿ ਪੰਜਾਬ ਵਿੱਚ ਸਿਰਫ ਮਾਲ ਗੱਡੀਆਂ ਚਲਾਉਣ ਲਈ ਟ੍ਰੈਕ ਖਾਲੀ ਕੀਤੇ ਗਏ ਹਨ ਯਾਤਰੀ ਗੱਡੀਆਂ ਲਈ ਨਹੀਂ। ਇਸ ਤਹਿਤ ਅੱਜ ਸਵੇਰੇ ਸਾਢੇ ਤਿੰਨ ਵਜੇ ਯਾਤਰੀ ਰੇਲ ਗੱਡੀ ਜੋ ਕਿ ਦਿੱਲੀ ਤੋਂ ਅੰਮ੍ਰਿਤਸਰ ਆਉਣੀ ਸੀ ਉਸ ਤੋਂ ਪਹਿਲਾਂ ਹੀ ਕਿਸਾਨਾਂ ਨੇ ਰੇਲਵੇ ਟ੍ਰੈਕ ਜਾ ਕੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।
ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੇ ਸੀਨੀਅਰ ਅਧਿਕਾਰੀ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਪਹੁੰਚੇ ਸਨ ਪਰ ਕਿਸਾਨਾਂ ਨੇ ਇਸ ਤੋਂ ਇਨਕਾਰ ਕਰ ਦਿੱਤਾ। ਕਿਸਾਨ ਲੀਡਰਾਂ ਦਾ ਇਲਜ਼ਾਮ ਹੈ ਕਿ ਕੈਪਟਨ ਸਰਕਾਰ ਕਿਸਾਨਾਂ ‘ਤੇ ਦਬਾਅ ਪਾਕੇ ਰੇਲਾਂ ਚਲਾਉਣ ਦਾ ਯਤਨ ਕਰ ਰਹੀ ਹੈ।
ਅੰਮ੍ਰਿਤਸਰ ਆਉਣ ਵਾਲੇ 427 ਮੁਸਾਫਰਾਂ ਬਾਰੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਕਿਹਾ ਉਨ੍ਹਾਂ ਨੂੰ ਇਨ੍ਹਾਂ ਯਾਤਰੀਆਂ ਨਾਲ ਹਮਦਰਦੀ ਹੈ ਪਰ ਕਿਸਾਨਾਂ ਨਾਲ ਜੋ ਕੇਂਦਰ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਉਸ ਦੇ ਸਾਹਮਣੇ ਇਹ ਪਰੇਸ਼ਾਨੀ ਕੁਝ ਵੀ ਨਹੀਂ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਦਾ ਕਹਿਣਾ ਹੈ ਕਿ ਕਿਸਾਨ ਲੀਡਰਾਂ ਨੂੰ ਆਖਰੀ ਸਮੇਂ ਤਕ ਸਮਝਾਉਣ ਦਾ ਪੂਰਾ ਯਤਨ ਕੀਤਾ ਗਿਆ ਹੈ ਪਰ ਕਿਸਾਨ ਲੀਡਰ ਨਹੀਂ ਮੰਨੇ।
ਹੁਣ ਅੰਮ੍ਰਿਤਸਰ ਪ੍ਰਸ਼ਾਸ਼ਨ ਵੱਲੋਂ ਕੋਈ ਵੱਖਰੀ ਵਿਵਸਥਾ ਕਰ ਕੇ ਰੇਲਵੇ ਨਾਲ ਵਿਚਾਰ ਵਟਾਂਦਰਾ ਕਰ ਕੇ ਉਹਨਾਂ ਮੁਸਾਫ਼ਰਾਂ ਨੂੰ ਅੰਮ੍ਰਿਤਸਰ ਪਹੁੰਚਾਇਆ ਜਾਵੇਗਾ। ਉਚ ਅਧਿਕਾਰੀਆਂ ਨੇ ਫ਼ੈਸਲਾ ਕੀਤਾ ਹੈ ਕਿ ਅੰਮ੍ਰਿਤਸਰ ਨੂੰ ਆਉਣ ਵਾਲੀ ਗੋਲਡਨ ਟੈਂਪਲ ਐਕਸਪ੍ਰੈਸ ਹੁਣ ਬਿਆਸ ਰੇਲਵੇ ਸਟੇਸ਼ਨ ਤੋਂ ਵਾਇਆ ਤਰਨਤਾਰਨ ਹੀ ਅੰਮ੍ਰਿਤਸਰ ਰਵਾਨਾ ਹੋਵੇਗੀ। ਜ਼ਿਲ੍ਹਾ ਪ੍ਰਸ਼ਾਸ਼ਨ ਨੇ ਮੁਸਾਫ਼ਰਾਂ ਨੂੰ ਸਰਕਾਰੀ ਬੱਸਾਂ ਰਾਹੀਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਪਹੁੰਚਾਉਣ ਦੇ ਪ੍ਰਬੰਧ ਕਰ ਲਏ ਸਨ।
