ਕਿਸਾਨਾਂ ਨੇ ਮੋਰਚੇ ‘ਚ ਮਨਾਇਆ ਗਿਆ ਸ੍ਰੀ ਗੁਰੂ ਤੇਗ ਬਹਾਦੁਰ ਜੀ ਦਾ ਸ਼ਹੀਦੀ ਦਿਹਾੜਾ, 29 ਨਵੰਬਰ ਨੂੰ ਸਾੜੇ ਜਾਣਗੇ ਸਰਕਾਰ ਦੇ ਪੁਤਲੇ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਡੀਸੀ ਦਫ਼ਤਰਾਂ ਅੱਗੇ ਧਰਨੇ ਲਾਏ ਜਾ ਰਹੇ ਹਨ ਜਿਸ ਦੀ ਅਗਵਾਈ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਅਤੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਕਰ ਰਹੇ ਹਨ। ਦੱਸ ਦਈਏ ਕਿ ਇਹ ਧਰਨੇ 26 ਨਵੰਬਰ ਤੋਂ ਸ਼ੁਰੂ ਕੀਤੇ ਗਏ ਹਨ ਜਿਸ ਵਿੱਚ ਅੱਜ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਪੂਰੀ ਸ਼ਰਧਾ ਨਾਲ ਮਨਾਇਆ ਗਿਆ।
ਇਸ ਸਮਾਗਮ ਤੋਂ ਬਾਅਦ ਆਗੂਆਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਨੇ ਲੋਕਾਂ ਦੇ ਅਧਿਕਾਰਾਂ ਦੀ ਲੜਾਈ ਲੜਦੇ ਹੋਏ ਆਪਣੀ ਜਾਨ ਦੀ ਕੁਰਬਾਨੀ ਦੇ ਕੇ ਮਿਸਾਲ ਪੈਦਾ ਕੀਤੀ ਸੀ ਅੱਜ ਸਭ ਨੂੰ ਉਹਨਾਂ ਵੱਲੋਂ ਦਿੱਤੇ ਮਾਨਵਤਾ ਦੇ ਸੰਦੇਸ਼ ਤੇ ਪਹਿਰਾ ਦੇਣ ਦੀ ਜ਼ਰੂਰਤ ਹੈ।
ਕਿਸਾਨ ਮੋਰਚੇ ਵਿੱਚ ਮੌਜੂਦ ਕਿਸਾਨ ਮਜ਼ਦੂਰ ਅਤੇ ਔਰਤਾਂ ਨੂੰ ਸੰਬੋਧਨ ਕਰਦੇ ਹੋਏ ਆਗੂਆਂ ਕਿਹਾ ਕਿ ਤੇ ਪੰਜਾਬ ਸਰਕਾਰ ਤਹਿਸੀਲ ਕੰਪਲੈਕਸ ਦੀਆਂ ਬਿਲਡਿੰਗਾਂ ਦੀ ਹਾਲਤ ਸੁਧਾਰਨ ਤੇ ਪੈਸਾ ਲਾਉਣ ਦਾ ਫੈਸਲਾ ਕਰ ਰਹੀ ਹੈ ਜਦ ਕਿ ਲੋਕਾਂ ਦੀਆਂ ਦਫਤਰਾਂ ਨਾਲ ਸਬੰਧਤ ਮੁਸ਼ਕਲਾਂ ਓਵੇਂ ਦੀਆਂ ਓਵੇਂ ਬਣੀਆਂ ਹੋਈਆਂ ਹਨ, ਲੋਕ ਖ਼ਜਲ ਖੁਆਰ ਹੋ ਰਹੇ ਹਨ ਸਰਕਾਰ ਨੂੰ ਚਾਹੀਦਾ ਸੀ ਕਿ ਪਹਿਲਾਂ ਇਸ ‘ਤੇ ਕਾਬੂ ਕਰੇ।
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਸਾਰੇ ਜ਼ਿੰਮੇਵਾਰ ਚਿਹਰੇ ਗੁਜਰਾਤ ਅਤੇ ਹੋਰ ਸਟੇਟਾਂ ਦੀਆਂ ਚੋਣਾਂ ਵਿੱਚ ਕੂੜ ਪ੍ਰਚਾਰ ਵਿੱਚ ਲੱਗੇ ਹੋਏ ਹਨ ਅਤੇ ਪੰਜਾਬ ਦੇ ਲੋਕਾਂ ਨੂੰ ਆਪਣੇ ਹੱਕ ਲੈਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਉਹਨਾਂ ਨੇ ਅਗਲੀ ਰਾਜਨੀਤੀ ਬਾਰੇ ਕਿਹਾ ਕਿ, 29 ਨਵੰਬਰ ਨੂੰ ਪ੍ਰਧਾਨ ਮੰਤਰੀ ਮੋਦੀ ਅਤੇ ਭਗਵੰਤ ਮਾਨ ਸਰਕਾਰ ਖਿਲਾਫ਼ ਪੁਤਲੇ ਫੂਕ ਮੁਜ਼ਾਹਰੇ ਕੀਤੇ ਜਾਣਗੇ।