ਕਿਸਾਨਾਂ ਨੇ ਮਹਾਂਪੰਚਾਇਤ ’ਚ ਭਾਜਪਾ ਖਿਲਾਫ਼ ਲਿਆ ਵੱਡਾ ਫ਼ੈਸਲਾ, ਲੀਡਰਾਂ ਦਾ ਘਰੋਂ ਨਿਕਲਣਾ ਹੋਇਆ ਮੁਸ਼ਕਿਲ

ਕਿਸਾਨਾਂ ਦੇ ਹੋਏ ਅੰਨ੍ਹੇਵਾਹ ਲਾਠੀਚਾਰਜ ਤੋਂ ਬਾਅਦ ਕਿਸਾਨਾਂ ਦਾ ਰੋਸ ਹੋਰ ਵਧ ਗਿਆ ਹੈ। ਇਸ ਦੇ ਚਲਦੇ ਕਰਨਾਲ ਜ਼ਿਲ੍ਹੇ ਦੇ ਘਰੌਂਡਾ ਕਸਬੇ ਦੀ ਅਨਾਜ ਮੰਡੀ ਵਿੱਚ ਕਿਸਾਨਾਂ ਦੀ ਮਹਾਪੰਚਾਇਤ ਹੋਈ। ਇਸ ਮੌਕੇ ਕਿਸਾਨ ਲੀਡਰਾਂ ਦਾ ਭਾਜਪਾ ਖਿਲਾਫ਼ ਵੱਡਾ ਐਲਾਨ ਕੀਤਾ ਹੈ। ਉਹਨਾਂ ਕਿਹਾ ਕਿ, “ਹੁਣ ਭਾਜਪਾ ਗੋ ਬੈਕ ਦਾ” ਦਾ ਸਮਾਂ ਆ ਗਿਆ ਹੈ। ਇਸ ਦੇ ਨਾਲ ਹੀ ਕਿਸਾਨ ਲੀਡਰਾਂ ਨੇ ਸਮੁੱਚਾ ਕਰਨਾਲ ਪ੍ਰਸ਼ਾਸਨ ਬਰਤਰਫ਼ ਕਰਨ ਦੀ ਮੰਗ ਰੱਖੀ ਹੈ।

ਮਹਾਂਪੰਚਾਇਤਾ ਵਿੱਚ ਬੋਲਦਿਆਂ ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਸੁਰੇਸ਼ ਕੌਠ ਨੇ ਕਿਹਾ ਕਿ, “ਉਹਨਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੂੰ ਇਸ ਲਈ ਵੋਟ ਦਿੱਤੀ ਸੀ ਕਿਉਂ ਕਿ ਉਹ ਕੇਂਦਰ ਵਿੱਚ ਜਾ ਕੇ ਕਿਸਾਨਾਂ ਬਾਰੇ ਗੱਲ ਕਰਨਗੇ। ਇਸ ਲਈ ਨਹੀਂ ਕਿ ਉਹ ਸਾਡੇ ਕਿਸਾਨਾਂ ਵਿਰੁਧ ਕੇਸ ਦਰਜ ਕਰਨਗੇ। ਕੌਠ ਨੇ ਅੱਗੇ ਕਿਹਾ ਕਿ ਦੁਸ਼ਯੰਤ ਚੌਟਾਲਾ ਨੂੰ ਕਿਸਾਨਾਂ ਨੇ ਇਸ ਲਈ ਵੋਟ ਦਿੱਤੀ ਸੀ ਕਿਉਂ ਕਿ ਉਹ ਕਿਸਾਨਾਂ ਦੇ ਨਾਲ ਖੜ੍ਹੇ ਹੋਣਗੇ ਤੇ ਭਾਜਪਾ ਦੀ ਗੋਦੀ ਵਿੱਚ ਨਹੀਂ ਬੈਠਣਗੇ।
ਜੇ ਕੇਸ ਦਰਜ ਕੀਤੇ ਜਾਣੇ ਹਨ ਤਾਂ ਕਿਸਾਨਾਂ ਦੀ ਅਗਵਾਈ ਕਰਨ ਵਾਲੇ ਕਿਸਾਨ ਆਗੂਆਂ ਤੇ ਕੇਸ ਦਰਜ ਹੋਣਾ ਚਾਹੀਦਾ ਹੈ ਨਾ ਕਿ ਆਮ ਕਿਸਾਨਾਂ ’ਤੇ।” ਉਹਨਾਂ ਕਿਹਾ ਕਿ, ‘ਜੇ ਆਈਏਐਸ ਆਯੂਸ਼ ਸਿਨਹਾ ਹਰਿਆਣਾ ਦੇ ਹੁੰਦੇ ਤਾਂ ਉਹਨਾਂ ਨੇ ਅਜਿਹੀ ਕਾਰਵਾਈ ਨਾ ਕੀਤੀ ਹੁੰਦੀ। ਸਰਕਾਰ ਨੂੰ ਅਜਿਹੇ ਵਿਅਕਤੀ ਨੂੰ ਤੁਰੰਤ ਬਰਖਾਸਤ ਕਰਨਾ ਚਾਹੀਦਾ ਹੈ ਤੇ ਉਸ ਵਿਰੁਧ 302 ਦਾ ਕੇਸ ਦਰਜ ਕਰਨਾ ਚਾਹੀਦਾ ਹੈ।
ਇਹ ਪ੍ਰਸਤਾਵ ਦਿੱਤਾ ਗਿਆ ਸੀ ਕਿ ਐਸਡੀਐਮ, ਇੰਸਪੈਕਟਰ ਤੇ ਅਜਿਹੇ ਅਧਿਕਾਰੀਆਂ ਦਾ ਪੂਰੇ ਹਰਿਆਣਾ ਵਿੱਚ ਬਾਈਕਾਟ ਕੀਤਾ ਜਾਣਾ ਚਾਹੀਦਾ ਹੈ। ਜੇ ਇਸ ਤੇ ਕਾਰਵਾਈ ਨਾ ਕੀਤੀ ਗਈ ਤਾਂ ਪੰਚਾਇਤ ਤੋਂ ਬਾਅਦ ਕਿਸਾਨਾਂ ਤੇ ਚਲਾਈ ਗਈ ਹਰ ਲਾਠੀ ਦਾ ਹਿਸਾਬ ਲਿਆ ਜਾਵੇਗਾ।’ ਪੰਜਾਬ ਦੇ ਕਿਸਾਨ ਆਗੂ ਸਤਨਾਮ ਸਿੰਘ ਨੇ ਕਿਹਾ ਕਿ, “22 ਸਾਲਾ ਜਵਾਨ ਕਿਸਾਨ ਦੀ ਮੌਤ ਦਾ ਬਦਲਾ ਜ਼ਰੂਰ ਲਿਆ ਜਾਵੇਗਾ।
ਅੰਗਰੇਜ਼ਾਂ ਦੇ ਸਮੇਂ ਸਾਈਮਨ ਕਮਿਸ਼ਨ ਨੂੰ ਗੋ-ਬੈਕ ਕਿਹਾ ਜਾਂਦਾ ਸੀ, ਹੁਣ ਸਮਾਂ ਆ ਗਿਆ ਹੈ ਕਿ ‘ਭਾਜਪਾ ਨੂੰ ਗੋ-ਬੈਕ’ ਕਿਹਾ ਜਾਵੇ।” ਕਿਸਾਨ ਸ਼ਾਂਤੀਪੂਰਵਕ ਵਿਰੋਧ ਕਰ ਰਹੇ ਹਨ। 5 ਸਤੰਬਰ ਨੂੰ ਮੁਜ਼ੱਫਰਨਗਰ, ਯੂਪੀ ਵਿੱਚ 5 ਕਰੋੜ ਕਿਸਾਨ ਇਕੱਠੇ ਹੋ ਕੇ ਉਤਸ਼ਾਹ ਦਿਖਾਉਣਗੇ। ਨੌਜਵਾਨ ਕਿਸਾਨ ਆਗੂ ਅਭਿਮੰਨਿਊ ਕੁਮਾਰ ਨੇ ਕਿਹਾ ਕਿ ਸਾਡੀਆਂ ਸਿਰਫ ਤਿੰਨ ਮੰਗਾਂ ਹਨ, ਪਹਿਲਾਂ ਐਸਡੀਐਮ ਨੂੰ ਜੇਲ੍ਹ ਭੇਜਿਆ ਜਾਵੇ।
ਪੂਰੇ ਕਰਨਾਲ ਪ੍ਰਸ਼ਾਸਨ ਨੂੰ ਬਰਖਾਸਤ ਜਾਵੇ ਤੇ ਮੁੱਖ ਮੰਤਰੀ ਮਨੋਹਰ ਲਾਲ ਨੂੰ ਪੂਰੇ ਦੇਸ਼ ਦੇ ਕਿਸਾਨਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਕਿਸਾਨਾਂ ਨੂੰ ਇਹ ਅੰਦੋਲਨ ਸ਼ਾਂਤੀਪੂਰਵਕ ਅੱਗੇ ਵਧਾਉਣ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ, “ਇਹ ਅੰਦੋਲਨ 80 ਕਰੋੜ ਕਿਸਾਨਾਂ ਦਾ ਹੀ ਰਹਿਣਾ ਚਾਹੀਦਾ ਹੈ, ਕਿਸੇ ਵੀ ਸਿਆਸੀ ਆਗੂ ਜਾਂ ਯੂਨੀਅਨ ਦਾ ਨਹੀਂ।”
ਦੱਸ ਦੇਈਏ ਕਿ 28 ਅਗਸਤ ਨੂੰ ਬਸਤਾੜਾ ਟੋਲ ਪਲਾਜ਼ਾ ‘ਤੇ ਕਿਸਾਨਾਂ’ ਤੇ ਹੋਏ ਲਾਠੀਚਾਰਜ ਦੇ ਵਿਰੁੱਧ ਮਹਾਪੰਚਾਇਤ ਵਿੱਚ ਅਗਲੇਰੀ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ। 10 ਸੰਸਥਾਵਾਂ ਦੇ ਅਹੁਦੇਦਾਰ ਮਹਾਪੰਚਾਇਤ ਵਿੱਚ ਸ਼ਾਮਲ ਹਨ।
