News

ਕਿਸਾਨਾਂ ਨੇ ਘੇਰਿਆ ਸੁਖਬੀਰ ਬਾਦਲ, ਯਾਦ ਕਰਵਾਏ ਪ੍ਰਕਾਸ਼ ਬਾਦਲ ਵਲੋਂ ਕੀਤੇ ਵਾਅਦੇ

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਇਨੀਂ ਦਿਨੀਂ ਪੰਜਾਬ ਯਾਤਰਾ ਸ਼ੁਰੂ ਕੀਤੀ ਗਈ ਹੈ। ਇਸ ਯਾਤਰਾ ਦਾ ਅੱਜ ਦੂਜਾ ਦਿਨ ਸੀ ਅਤੇ ਦੂਜੇ ਹੀ ਦਿਨ ਇੱਕ ਵਾਰ ਫਿਰ ਤੋਂ ਸੁਖਬੀਰ ਬਾਦਲ ਨੂੰ ਕਿਸਾਨਾਂ ਦਾ ਸਾਹਮਣਾ ਕਰਨਾ ਪਿਆ। ਫਿਰੋਜ਼ਪੁਰ ਦੇ ਗੁਰਹਰਸਹਾਏ ਵਿਖੇ ਸੁਖਬੀਰ ਬਾਦਲ ਨੂੰ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਤਿੱਖੇ ਸਵਾਲ ਪੁੱਛੇ। ਕਿਸਾਨ ਆਗੂਆਂ ਨੇ ਇਲਜ਼ਾਮ ਲਾਇਆ ਕਿ ਅਕਾਲੀ ਦਲ ਵੱਲੋਂ ਖੇਤੀ ਕਾਨੂੰਨਾਂ ਦਾ ਭਾਜਪਾ ਨਾਲ ਭਾਈਵਾਲੀ ਦੌਰਾਨ ਰੱਜ ਕੇ ਸਾਥ ਦਿੱਤਾ ਗਿਆ ਅਤੇ ਕਾਨੂੰਨਾਂ ਨੂੰ ਲਾਗੂ ਕਰਵਾਇਆ।

ਕਿਸਾਨ ਜੱਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ, ‘ਬਾਦਲ ਸਰਕਾਰ ਦੇ ਰਾਜ ‘ਚ ਵੀ ਵੱਡੇ ਬਾਦਲ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਸੀ ਕਿ, “ਪੰਜਾਬ ਸਰਕਾਰ ਕਿਸਾਨਾਂ ਦੇ ਸਾਰੇ ਕਰਜ਼ੇ ਮੁਆਫ਼ ਕਰੇਗੀ ਪਰ ਹੋਇਆ ਕੁਝ ਵੀ ਨਹੀਂ ਸੀ” ਇਸ ਤੇ ਸੁਖਬੀਰ ਬਾਦਲ ਨੇ ਕਿਹਾ ਕਿ, “ਇਸ ਦਾ ਕੀ ਸਬੂਤ ਹੈ ਤਾਂ ਕਿਸਾਨਾਂ ਨੇ ਕਿਹਾ ਕਿ, “ਅਸੀਂ 2006 ‘ਚ ਵੱਡੇ ਬਾਦਲ ਸਾਹਿਬ ਵੱਲੋਂ ਦਿੱਤੇ ਗਏ ਕਰਜ਼ੇ ਦੀ ਮੁਆਫ਼ੀ ਸਬੰਧੀ ਇਹ ਕਟਿੰਗ ਵਿਖਾ ਸਕਦੇ ਹਾਂ।” ਭ੍ਰਿਸ਼ਟਾਚਾਰ ਤੇ ਬੋਲਦਿਆਂ ਸੁਖਬੀਰ ਸਿੰਘ ਬਾਦਲ ਨੇ ਖੁਦ ਮੰਨਿਆ ਕਿ ਪੰਜਾਬ ਵਿੱਚੋਂ ਭ੍ਰਿਸ਼ਟਾਚਾਰ ਕਦੇ ਵੀ ਖਤਮ ਨਹੀਂ ਕੀਤਾ ਜਾ ਸਕਦਾ।

ਇਸ ਦੌਰਾਨ ਸੁਖਬੀਰ ਬਾਦਲ ਨੇ ਦਾਅਵਾ ਕੀਤਾ ਕਿ ਪੰਜਾਬ ਵਿੱਚ ਕੋਈ ਵੀ ਥਰਮਲ ਪਲਾਂਟ ਨਿੱਜੀ ਨਹੀਂ ਹੈ ਅਤੇ ਲੋਕਾਂ ਨੂੰ ਪੂਰੀ ਤਰ੍ਹਾਂ ਸਰਕਾਰੀ ਤੌਰ ਤੇ ਬਿਜਲੀ ਦਿੱਤੀ ਜਾ ਰਹੀ ਹੈ। ਇਸ ਦੌਰਾਨ ਸੰਯੁਕਤ ਕਿਸਾਨ ਮੋਰਚਾ ਆਗੂਆਂ ਨੇ ਕਿਹਾ ਕਿ, “ਉਹ ਭਾਜਪਾ ਦੀ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦਾ ਵਿਰੋਧ ਨਹੀਂ ਕਰ ਰਹੇ ਸਗੋਂ ਉਹ ਸੁਖਬੀਰ ਬਾਦਲ ਨੂੰ ਆਪਣੀਆਂ ਮੰਗਾਂ ਤੋਂ ਜਾਣੂ ਕਰਵਾ ਰਹੇ ਹਨ। ਦੱਸ ਦਈਏ ਕਿ ਪੰਜਾਬ ਯਾਤਰਾ ਦੇ ਦੂਜੇ ਦਿਨ ਤਾਂ ਕਿਸਾਨਾਂ ਨੇ ਸੁਖਬੀਰ ਬਾਦਲ ਨੂੰ ਘੇਰਿਆ ਹੀ ਨਹੀਂ ਸਗੋਂ ਪਹਿਲੇ ਦਿਨ ਵੀ ਕਿਸਾਨਾਂ ਨੇ ਜ਼ੀਰਾ ਵਿੱਚ ਕੱਢੀ ਪੰਜਾਬ ਯਾਤਰਾ ਦੌਰਾਨ ਸੁਖਬੀਰ ਬਾਦਲ ਦਾ ਵਿਰੋਧ ਵੀ ਕੀਤਾ ਸੀ।

ਕਿਸਾਨਾਂ ਦਾ ਇਲਜ਼ਾਮ ਹੈ ਕਿ ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੇ ਭਾਜਪਾ ਨਾਲ ਭਾਈਵਾਲੀ ਦੌਰਾਨ ਸਰਕਾਰ ‘ਚ ਰਹਿੰਦਿਆਂ ਤਿੰਨ ਖੇਤੀ ਕਾਨੂੰਨਾਂ ਦਾ ਸਮਰਥਨ ਕੀਤਾ ਸੀ। ਇਹ ਜ਼ਿਕਰਯੋਗ ਹੈ ਕਿ ਸੁਖਬੀਰ ਬਾਦਲ ਨੇ ਸੋਮਵਾਰ ਨੂੰ ਹੀ ਐਲਾਨ ਕੀਤਾ ਸੀ ਕਿ ਉਹ ਕਾਂਗਰਸ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਿੱਚ ਭ੍ਰਿਸ਼ਟਾਚਾਰ ਵੱਲ ਧਿਆਨ ਖਿੱਚਣ ਲਈ ਮੰਗਲਵਾਰ ਤੋਂ 100 ਹਲਕਿਆਂ ਨੂੰ ਕਵਰ ਕਰਦੇ ਹੋਏ 100 ਦਿਨਾਂ ਦੀ ਯਾਤਰਾ ਕਰਨਗੇ। ਸੰਯੁਕਤ ਕਿਸਾਨ ਮੋਰਚਾ ਆਗੂਆਂ ਨੇ ਕਿਹਾ ਕਿ ਅਸੀਂ ਭਾਜਪਾ ਦੀ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦਾ ਵਿਰੋਧ ਨਹੀਂ ਕਰ ਰਹੇ ਬਲਕਿ ਅਸੀਂ ਤਾਂ ਉਨ੍ਹਾਂ ਨੂੰ ਆਪਣੀਆਂ ਮੰਗਾਂ ਤੋਂ ਜਾਣੂ ਕਰਵਾ ਰਹੇ ਹਾਂ।

ਕਿਸਾਨਾਂ ਵੱਲੋਂ ਪੁੱਛੇ ਗਏ ਸੁਆਲਾਂ ਦੇ ਜਵਾਬ ਦਿੰਦੇ ਹੋਏ ਸੁਖਬੀਰ ਬਾਦਲ ਸਿੰਘ ਨੇ ਕਿਹਾ ਕਿ ਸਰਕਾਰ ਆਉਣ ‘ਤੇ ਪਹਿਲਾਂ ਤਾਂ ਖੇਤੀ ਦੇ ਕਾਲੇ ਤਿੰਨੋਂ ਕਾਨੂੰਨ ਰੱਦ ਕੀਤੇ ਜਾਣਗੇ ਅਤੇ ਕਿਸਾਨਾਂ ਦੇ ਕਰਜੇ ਵੀ ਮੁਆਫ ਕਰ ਦਿੱਤੇ ਜਾਣਗੇ। ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਰਕਾਰ ਕਿਸਾਨਾਂ ਦੀ ਹਿਤੈਸ਼ੀ ਹੈ। ਕੱਲ੍ਹ ਸੁਖਬੀਰ ਬਾਦਲ ਦੀ 100 ਦਿਨ ਦੀ ਪੰਜਾਬ ਯਾਤਰਾ ਨੂੰ ਪਹਿਲੇ ਦਿਨ ਹੀ ਝਟਕਾ ਲੱਗਾ ਹੈ।

ਜ਼ੀਰਾ ਵਿੱਚ ਜਦੋਂ ਉਨ੍ਹਾਂ ਯਾਤਰਾ ਦੀ ਸ਼ੁਰੂਆਤ ਕੀਤੀ ਤਾਂ ਵੱਡੀ ਗਿਣਤੀ ਕਿਸਾਨਾਂ ਨੇ ਕਾਲੀਆਂ ਝੰਡੀਆਂ ਵਿਖਾ ਕੇ ਵਿਰੋਧ ਕੀਤਾ। ਫਿਰੋਜ਼ਪੁਰ ਦੇ ਹਲਕਾ ਜ਼ੀਰਾ ‘ਚ ਪੁਲ ਦੇ ਨਜ਼ਦੀਕ ਕਿਸਾਨਾਂ ਨੇ ਸੁਖਬੀਰ ਬਾਦਲ ਨੂੰ ਕਾਲੀਆਂ ਝੰਡਾ ਦਿਖਾ ਕੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਪੁਲਿਸ ਫੋਰਸ ਵੀ ਵੱਡੀ ਗਿਣਤੀ ਵਿੱਚ ਤਾਇਨਾਤ ਰਹੀ।

Click to comment

Leave a Reply

Your email address will not be published.

Most Popular

To Top