ਕਿਸਾਨਾਂ ਨੇ ਅੰਬਾਨੀ ਅਡਾਨੀ ਦੇ ਚੱਲਦੇ ਪ੍ਰੋਜੈਕਟ ਰੁਕਵਾਏ, ਪੰਚਾਇਤ ਦੀ ਐੱਨਓਸੀ ਤੋਂ ਬਿਨ੍ਹਾਂ ਬਣਾ ਰਹੇ ਸੀ ਗੋਦਾਮ

ਕਿਸਾਨ ਅੰਦੋਲਨ ਦੌਰਾਨ ਅੰਬਾਨੀ ਅੰਡਨੀ ਕਿਸਾਨਾਂ ਦੇ ਨਿਸ਼ਾਨੇ ‘ਤੇ ਹਨ। ਕਿਸਾਨਾਂ ਵੱਲੋਂ ਰਿਲਾਇੰਸ ਪੈਟਰੋਲ ਪੰਪਾਂ ਦਾ ਬਾਈਕਾਟ, ਜੀਓ ਸਿੰਮਾਂ ਨੂੰ ਸਾੜਿਆ ਜਾ ਰਿਹਾ ਹੈ। ਜੀਓ ਟਾਵਟਾਂ ਦੇ ਬਿਜਲੀ ਕੁਨੈਕਸ਼ਨ ਕੱਟੇ ਜਾ ਰਹੇ ਹਨ। ਇਸ ਦੇ ਨਾਲ ਹੀ ਹੁਣ ਗੁਰਦਾਸਪੁਰ ਦੇ ਪਿੰਡ ਛੀਨਾ ਰੇਲਵਾਲਾ ‘ਚ ਕਿਸਾਨਾਂ ਦਾ ਗੁੱਸਾ ਅੰਬਾਨੀ ਅਡਾਨੀ ‘ਤੇ ਫੁੱਟਦਾ ਨਜ਼ਰ ਆਇਆ ਹੈ।

ਦਰਅਸਲ ਕਿਸਾਨਾਂ ਨੇ ਅਡਾਨੀ ਅੰਬਾਨੀ ਗਰੁੱਪਾਂ ਵੱਲੋਂ ਬਣਾਏ ਜਾ ਰਹੇ ਗੁਦਾਮਾਂ ਦਾ ਕੰਮ ਵਿੱਚ ਵਿਚਾਲੇ ਰੁਕਵਾ ਦਿੱਤਾ ਹੈ ਅਤੇ ਨਾਲ ਹੀ ਉਹਨਾਂ ਵੱਲੋਂ ਜ਼ਬਰਦਸਤ ਨਾਅਰੇਬਾਜ਼ੀ ਵੀ ਕੀਤੀ ਗਈ। ਪ੍ਰਦਰਸ਼ਨ ਦੌਰਾਨ ਕਿਸਾਨਾਂ ਨੇ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਖੇਤੀ ਕਾਨੂੰਨਾਂ ਨੂੰ ਕੇਂਦਰ ਸਰਕਾਰ ਰੱਦ ਨਹੀਂ ਕਰਦੀ ਉਨਾਂ ਸਮਾਂ ਅਡਾਨੀ ਅੰਬਾਨੀ ਦੇ ਕਾਰੋਬਾਰਾਂ ਨੂੰ ਬੰਦ ਕਰਵਾਇਆ ਜਾਵੇਗਾ।
ਕਿਸਾਨਾਂ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਵੱਲੋਂ ਕਿਸਾਨਾਂ ‘ਤੇ ਧੱਕੇਸ਼ਾਹੀ ਨਾਲ ਖੇਤੀ ਕਾਨੂੰਨ ਥੋਪੇ ਜਾ ਰਹੇ ਹਨ ਅਤੇ ਕਿਸਾਨ ਖੇਤੀ ਕਾਨੂੰਨ ਵਾਪਿਸ ਕਰਵਾ ਕੇ ਹੀ ਸਾਹ ਲੈਣਗੇ।
ਕਿਸਾਨਾਂ ਨੇ ਕਿਹਾ ਹੈ ਕਿ “ਅਡਾਨੀ ਤੇ ਅੰਬਾਨੀ ਗਰੁੱਪ ਵੱਲੋਂ ਪੰਚਾਇਤ ਦੀ ਐਨਓਸੀ ਤੋਂ ਬਿਨਾ ਗੁਦਾਮ ਬਣਾਇਆ ਜਾ ਰਿਹਾ ਹੈ ਅਤੇ ਛੀਨਾ ਪਿੰਡ ਦੀ ਪੰਚਾਇਤ ਉੱਤੇ ਸਿਆਸੀ ਦਬਾਅ ਤੋਂ ਇਲਾਵਾ ਪ੍ਰਬੰਧਕੀ ਦਬਾਅ ਵੀ ਪਾਏ ਜਾ ਰਹੇ ਹਨ ਪਰ ਇਸ ਦੇ ਬਾਵਜੂਦ ਵੀ ਪੰਚਾਇਤ ਨੇ ਕਿਸਾਨਾਂ ਦੇ ਹਿੱਤ ਨੂੰ ਵੇਖਦੇ ਹੋਏ ਐਨਓਸੀ ਨਹੀਂ ਦਿੱਤੀ।”
ਉੱਧਰ ਇਸ ਮਾਮਲੇ ‘ਤੇ ਮੈਨੇਜਰ ਨੇ ਕਿਹਾ ਹੈ ਕਿ ਇਹ ਗੁਦਾਮ ਐੱਫ ਸੀ ਆਈ ਦੇ ਨੇ ਜਿਸਦਾ ਉਹਨਾਂ ਨੂੰ ਕੰਟਰੈਕਟ ਮਿਲਿਆ ਹੋਇਆ ਹੈ। ਇਸ ਤੋਂ ਇਲਾਵਾ ਇਸ ਮਾਮਲੇ ‘ਚ ਉਸ ਹੋਰ ਕੋਈ ਵੀ ਜਾਣਕਾਰੀ ਨਹੀਂ ਹੈ। ਦੱਸ ਦੇਈਏ ਕਿ ਪਿਛਲੇ 28 ਦਿਨਾਂ ਤੋਂ ਕਿਸਾਨ ਦਿੱਲੀ ਦੇ ਬਾਰਡਰ ਸੀਲ ਕਰੀ ਬੈਠੇ ਹਨ।
ਇੰਨੀ ਠੰਡ ਹੋਣ ਦੇ ਬਾਵਜੂਦ ਵੀ ਕਿਸਾਨਾਂ ਦੇ ਹੌਂਸਲੇ ਬੁਲੰਦ ਹਨ ਅਤੇ ਉਹਨਾਂ ਵੱਲੋਂ ਲਗਾਤਾਰ ਖੇਤੀ ਕਾਨੂੰਨ ਵਾਪਿਸ ਲੈਣ ਦੀ ਮੰਗ ਕੀਤੀ ਜਾ ਰਹੀ ਹੈ। ਉੱਥੇ ਹੀ ਪੰਜਾਬ ‘ਚ ਵੀ ਕਿਸਾਨਾਂ ਨੂੰ ਹਰ ਵਰਗ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਮੋਦੀ ਸਰਕਾਰ ‘ਤੇ ਦਬਾਅ ਬਣਾਉਣ ਲਈ ਪੰਜਾਬ ‘ਚ ਅੰਬਾਨੀ ਅੰਡਾਨੀ ਦੇ ਸਾਰੇ ਕਾਰੋਬਾਰ ਬੰਦ ਕਰਵਾਏ ਜਾ ਰਹੇ ਹਨ।
