ਕਿਸਾਨਾਂ ਨੇ ਅਖੌਤੀ ਬਾਬਿਆਂ ਦਾ ਕੀਤਾ ਪਰਦਾਫਾਸ਼, ਲੰਗਰ ਦੇ ਨਾਮ ‘ਤੇ ਪਿੰਡ ‘ਚੋਂ ਕਰ ਰਹੇ ਸੀ ਕਣਕ ਇਕੱਠੀ

ਇੱਕ ਪਾਸੇ ਕਿਸਾਨ ਰੇਲਵੇ ਲਾਈਨਾਂ ‘ਤੇ ਧਰਨੇ ਦੇ ਰਹੇ ਹਨ। ਹਰ ਵਰਗ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦੇ ਹੱਕ ‘ਚ ਡੱਟਿਆ ਹੋਇਆ। ਕਿਸਾਨਾਂ ਵੱਲੋਂ ਬੀਜੇਪੀ ਦੇ ਲੀਡਰਾਂ ਨੂੰ ਘੇਰਿਆ ਜਾ ਰਿਹਾ ਹੈ। ਉੱਥੇ ਹੀ ਹੁਣ ਕਿਸਾਨਾਂ ਵੱਲੋਂ ਪਿੰਡਾਂ ‘ਚੋਂ ਲੰਗਰ ਦੇ ਨਾਮ ‘ਤੇ ਕਣਕ ਇਕੱਠੀ ਕਰਨ ਵਾਲੇ ਅਖੌਤੀ ਬਾਬਿਆਂ ਦਾ ਪਰਦਾਫਾਸ਼ ਕੀਤਾ ਜਾ ਰਿਹਾ ਹੈ।

ਤਸਵੀਰਾਂ ਫਿਰੋਜ਼ਪੁਰ ਦੇ ਪਿੰਡ ਮਹਿਮਾ ਦੀਆਂ ਹਨ ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਲੰਗਰ ਦੇ ਨਾਮ ‘ਤੇ ਕਣਕ ਇਕੱਠੀ ਕਰਨ ਵਾਲੇ ਪਾਖੰਡੀ ਬਾਬਿਆਂ ਦਾ ਕਿਸਾਨਾਂ ਵੱਲੋਂ ਜ਼ਬਰਦਸ਼ਤ ਵਿਰੋਧ ਕੀਤਾ ਜਾ ਰਿਹਾ ਹੈ। ਵੀਡੀਓ ‘ਚ ਕਿਸਾਨ ਦੋਸ਼ ਲਗਾਉਂਦੇ ਦਿਖਾਈ ਦਿੰਦੇ ਨੇ ਕਿ ਹਰ ਸਾਲ ਅਖੌਤੀ ਬਾਬਿਆਂ ਵੱਲੋਂ ਲੰਗਰ ਅਤੇ ਕਾਰ ਸੇਵਾ ਦੇ ਨਾਮ ‘ਤੇ ਕਣਕ ਇਕੱਠੀ ਕੀਤੀ ਜਾਂਦੀ ਹੈ।
ਇੰਨਾ ਹੀ ਨਹੀਂ ਉਹਨਾਂ ਵੱਲੋਂ ਇਹ ਵੀ ਕਿਹਾ ਕਿ ਗੁਰੂ ਸਾਹਿਬ ਦੀ ਬੇਅਦਬੀ ਮਾਮਲੇ ‘ਚ ਅਜਿਹੇ ਅਖੌਤੀ ਬਾਬੇ ਕਦੇ ਵੀ ਸੰਘਰਸ਼ ‘ਚ ਇਨਸਾਫ਼ ਲੈਣ ਲਈ ਖੜ੍ਹੇ ਨਹੀਂ ਹੋਏ। ਦੱਸ ਦਈਏ ਕਿ ਅਖੌਤੀ ਬਾਬਿਆਂ ਦੇ ਇਹ ਵੀਡੀਓ ਸ਼ੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਜਿਸ ‘ਤੇ ਲੋਕਾਂ ਵੱਲੋਂ ਕਾਫ਼ੀ ਜ਼ਿਆਦਾ ਟਿੱਪਣੀਆਂ ਵੀ ਕੀਤੀਆਂ ਜਾ ਰਹੀਆ ਹਨ। ਇੰਨਾ ਹੀ ਨਹੀਂ ਪਿੰਡ ਦੇ ਲੋਕਾਂ ਵੱਲੋਂ ਅਖੌਤੀ ਬਾਬਿਆਂ ਨੂੰ ਜਿੱਥੇ ਖਰੀਆਂ ਖਰੀਆਂ ਸੁਣਾਈਆਂ ਗਈਆਂ ਅਤੇ ਸਵਾਲਾਂ ਦੀ ਝੜੀ ਲਗਾ ਦਿੱਤੀ ਗਈ ਉੱਥੇ ਹੀ ਉਹਨਾਂ ਵੱਲੋਂ ਇਕੱਠੀ ਕੀਤੀ ਕਣਕ ਨੂੰ ਵੀ ਕਿਸਾਨਾਂ ਦੇ ਧਰਨਿਆਂ ‘ਚ ਪਹੁੰਚਾ ਦਿੱਤਾ ਗਿਆ ਹੈ।
