ਕਿਸਾਨਾਂ ਨੂੰ ਮਨਾਉਣ ਲਈ ਭਾਜਪਾ ਨੇ ਲੱਭਿਆ ਨਵਾਂ ਰਾਹ

ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਵੀ ਸਰਗਰਮ ਹੋ ਗਈ ਹੈ। ਭਾਜਪਾ ਨੇ ਕਿਸਾਨਾਂ ਨੂੰ ਭਰਮਾਉਣ ਲਈ ਹੁਣ ਨਵਾਂ ਰਾਹ ਲੱਭਿਆ ਹੈ। ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਤੇ ਕੇਂਦਰ ਸਰਕਾਰ ਦਰਮਿਆਨ ਤਕਰਾਰ ਖ਼ਤਮ ਕਰਵਾਉਣ ਲਈ ਪੰਜਾਬ ਭਾਜਪਾ ਦੇ ਲੀਡਰ ਕਿਸਾਨ ਜੱਥੇਬੰਦੀਆਂ ਨਾਲ ਮੀਟਿੰਗਾਂ ਕਰਨਗੇ।

ਉਹ ਕਿਸਾਨ ਜੱਥੇਬੰਦੀਆਂ ਨੂੰ ਖੇਤੀਬਾੜੀ ਕਾਨੂੰਨਾਂ ਬਾਰੇ ਸਮਝਾਉਣਗੇ। ਫਿਰ ਵੀ ਜੇ ਕਿਸਾਨਾਂ ਦੀ ਸਹਿਮਤੀ ਨਾ ਹੋਈ ਤਾਂ ਉਹ ਉਹਨਾਂ ਦੇ ਇਤਰਾਜ਼ਾਂ ਨੂੰ ਜਾਨਣਗੇ ਤੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੂੰ ਲਿਖਤੀ ਰੂਪ ਵਿੱਚ ਭੇਜਣਗੇ। ਇਹ ਫ਼ੈਸਲਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸੋਮਵਾਰ ਨੂੰ ਸੂਬਾਈ ਆਗੂਆਂ ਨਾਲ ਬੈਠਕ ਦੌਰਾਨ ਲਿਆ ਗਿਆ।
ਇਸ ਲਈ ਉਹਨਾਂ ਅਧਿਕਾਰੀਆਂ ਦੀ ਡਿਊਟੀ ਲਗਾਈ। ਉਹਨਾਂ ਬੈਠਕ ਵਿੱਚ ਇਕ ਵਿਸ਼ੇਸ਼ ਟੀਮ ਦਾ ਬਣਾਈ ਜੋ ਕਿ ਸੋਸ਼ਲ ਮੀਡੀਆ ਤੇ ਪਾਰਟੀ ਖਿਲਾਫ਼ ਚਲ ਰਹੇ ਗੁੰਮਰਾਹਕੁੰਨ ਪ੍ਰਚਾਰ ਦਾ ਜਵਾਬ ਦੇਵੇਗੀ ਤਾਂ ਜੋ ਪਾਰਟੀ ਦੇ ਅਕਸ ਨੂੰ ਖਰਾਬ ਹੋਣ ਤੋਂ ਬਚਾਇਆ ਜਾ ਸਕੇ।
ਇਸ ਦੇ ਨਾਲ ਹੀ ਉਹਨਾਂ ਨੇ ਅਕਾਲੀ ਦਲ ਦੇ ਦੋਸ਼ਾਂ ਨੂੰ ਬੇਬੁਨਿਆਦ ਦਸਿਆ ਜਿਸ ਵਿੱਚ ਕਿਹਾ ਗਿਆ ਹੈ ਕਿ ਭਾਜਪਾ ਹਿੰਦੂ-ਸਿੱਖਾਂ ਦੀ ਸਾਂਜ ਨੂੰ ਖ਼ਤਮ ਕਰਨਾ ਚਾਹੁੰਦੀ ਹੈ। ਦਸ ਦਈਏ ਕਿ ਜਦੋਂ ਤੋਂ ਖੇਤੀ ਕਾਨੂੰਨ ਪਾਸ ਹੋਏ ਹਨ ਤਦ ਤੋਂ ਹੀ ਕਿਸਾਨਾਂ ਅਤੇ ਹੋਰਨਾਂ ਲੋਕਾਂ ਵਿੱਚ ਭਾਜਪਾ ਪ੍ਰਤੀ ਰੋਸ ਜਤਾਇਆ ਜਾ ਰਿਹਾ ਹੈ।
ਭਾਜਪਾ ਲੀਡਰਾਂ ਦਾ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਦੇ ਘਰਾਂ ਦਾ ਘਿਰਾਓ ਕੀਤਾ ਜਾ ਰਿਹਾ ਹੈ। ਕਿਸੇ ਵੀ ਸਿਆਸੀ ਲੀਡਰ ਨੂੰ ਧਰਨਿਆਂ ਵਿੱਚ ਸ਼ਾਮਲ ਨਹੀਂ ਹੋਣ ਦਿੱਤਾ ਜਾ ਰਿਹਾ।
