ਕਿਸਾਨਾਂ ਨੂੰ ਨਕਸਲਵਾਦੀ ਕਹਿ ਬੁਰੇ ਫਸੇ ਭਾਜਪਾ ਲੀਡਰ, ਕੈਪਟਨ ਨੇ ਦਿੱਤਾ ਬਿਆਨ

ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਦੇ ਕਿਸਾਨ ਪੂਰੀ ਤਰ੍ਹਾਂ ਭਖੇ ਹੋਏ ਹਨ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਭਾਜਪਾ ਨੂੰ ਘੇਰਦਿਆਂ ਕਿਹਾ ਕਿ ਕਿਸਾਨਾਂ ਦੀ ਨਕਸਲੀਆਂ ਨਾਲ ਤੁਲਨਾ ਕਰਾ ਸ਼ਰਮਨਾਕ ਹੈ। ਭਾਜਪਾ ਲੀਡਰ ਕਿਸਾਨਾਂ ਦੀ ਨਕਸਲੀਆਂ ਨਾਲ ਤੁਲਨਾ ਕਰ ਰਹੇ ਹਨ।

ਇਸ ਪਿੱਛੇ ਸਰਕਾਰ ਦੀ ਮਿਲੀਭੁਗਤ ਦੱਸੀ ਜਾ ਰਹੀ ਹੈ। ਉਹਨਾਂ ਨੇ ਕਿਸਾਨ ਅੰਦੋਲਨ ਦੀ ਨਕਸਲਵਾਦ ਨਾਲ ਤੁਲਨਾ ਕਰ ਕੇ ਅੰਨਦਾਤੇ ਦਾ ਅਪਮਾਨ ਕੀਤਾ ਹੈ। ਇਸ ਦੇ ਨਾਲ ਹੀ ਕੈਪਟਨ ਨੇ ਬੀਜੇਪੀ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਨੂੰ ਖੁੱਲ੍ਹਾ ਪੱਤਰ ਲਿਖ ਕੇ ਚੌਕਸ ਕੀਤਾ ਹੈ ਕਿ ਜੇਕਰ ਕੇਂਦਰ ਸਰਕਾਰ ਨੇ ਪੰਜਾਬ ਲਈ ਮਾਲ ਗੱਡੀਆਂ ’ਤੇ ਪਾਬੰਦੀ ਨਾ ਹਟਾਈ ਤਾਂ ਸਮੁੱਚੇ ਮੁਲਕ ’ਚ ਕੌਮੀ ਸੁਰੱਖਿਆ ’ਤੇ ਵੱਡਾ ਪ੍ਰਭਾਵ ਪਵੇਗਾ।
ਉਨ੍ਹਾਂ ਇਸ ਪੇਚੀਦਾ ਮਾਮਲੇ ਨੂੰ ਸਮੂਹਿਕ ਇੱਛਾ ਤੇ ਸੂਝ-ਬੂਝ ਨਾਲ ਸੁਲਝਾਏ ਜਾਣ ਦਾ ਸੱਦਾ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਰੇਲ ਆਵਾਜਾਈ ਬੰਦ ਹੋਣ ਕਰਕੇ ਪੰਜਾਬ ਤੋਂ ਇਲਾਵਾ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਤੇ ਲੱਦਾਖ ਵੀ ਪ੍ਰਭਾਵਿਤ ਹੋਣਗੇ। ਠੰਢ ਸ਼ੁਰੂ ਹੋਣ ਨਾਲ ਹਥਿਆਰਬੰਦ ਸੈਨਾਵਾਂ ਉਪਰ ਬਹੁਤ ਬੁਰਾ ਅਸਰ ਪੈ ਸਕਦਾ ਹੈ ਕਿਉਂਕਿ ਲੱਦਾਖ ਅਤੇ ਵਾਦੀ ਨੂੰ ਜਾਂਦੇ ਮਾਰਗਾਂ ਉਤੇ ਬਰਫ਼ਬਾਰੀ ਹੋਣ ਨਾਲ ਸਪਲਾਈ ਅਤੇ ਹੋਰ ਵਸਤਾਂ ਦੀ ਕਮੀ ਪੈਦਾ ਹੋ ਸਕਦੀ ਹੈ।
ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਕਿਸਾਨੀ ਸੰਕਟ ਨੂੰ ਜੇ ਜਲਦੀ ਹੱਲ ਨਾ ਕੀਤਾ ਗਿਆ ਤਾਂ ਸੁਰੱਖਿਆ ਦੇ ਲਿਹਾਜ ਤੋਂ ਪੰਜਾਬ ਨੂੰ ਪਾਕਿਸਤਾਨ ਤੋਂ ਖਤਰਾ ਖੜ੍ਹਾ ਹੋ ਸਕਦਾ ਹੈ ਕਿਉਂਕਿ ਆਈਐਸਆਈ ਹਮੇਸ਼ਾ ਪੰਜਾਬ ਵਿਚ ਗੜਬੜ ਕਰਨ ਦੀ ਤਾਕ ਵਿਚ ਰਹਿੰਦੀ ਹੈ।
