News

“ਕਿਸਾਨਾਂ ਨੂੰ ਖਾਲਿਸਤਾਨੀ ਕਹਿਣ ਵਾਲੇ ਲੀਡਰ ਤੁਰੰਤ ਮੰਗਣ ਮੁਆਫ਼ੀ”: ਲਕਸ਼ਮੀ ਕਾਂਤਾ ਚਾਵਲਾ

ਲੱਖਾਂ ਕਿਸਾਨ ਦਿੱਲੀ ਦੀਆਂ ਸੜਕਾਂ ‘ਤੇ ਪ੍ਰਦਰਸ਼ਨ ਕਰ ਰਹੇ ਹਨ। ਉਹਨਾਂ ਦੇ ਇਸ ਅੰਦੋਲਨ ਨੂੰ ਜਿੱਥੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉੱਥੇ ਹੀ ਕਈ ਬੀਜੇਪੀ ਲੀਡਰਾਂ ਵੱਲੋਂ ਕਿਸਾਨਾਂ ਨੂੰ ਖਾਲਿਸਤਾਨੀ ਕਿਹਾ ਗਿਆ ਹੈ। ਇਸ ਨੂੰ ਲੈ ਕੇ ਬੀਜੇਪੀ ਦੇ ਲੀਡਰ ਕਸੂਤੇ ਘਿਰਦੇ ਨਜ਼ਰ ਆ ਰਹੇ ਹਨ।

ਦਰਅਸਲ ਹੁਣ ਭਾਜਪਾ ਅੰਦਰੋਂ ਹੀ ਇਸ ਖਿਲਾਫ ਆਵਾਜ਼ ਉੱਠਣ ਲੱਗੀ ਹੈ। ਭਾਜਪਾ ਦੇ ਸੀਨੀਅਰ ਲੀਡਰ ਤੇ ਸਾਬਕਾ ਮੰਤਰੀ ਪ੍ਰੋ. ਲਕਸ਼ਮੀ ਕਾਂਤਾ ਚਾਵਲਾ ਨੇ ਕਿਹਾ ਹੈ ਕਿ ਕਿਸਾਨਾਂ ਨੂੰ ਖਾਲਿਸਤਾਨੀ ਆਖਣ ਵਾਲਿਆਂ ਨੂੰ ਤੁਰੰਤ ਮੁਆਫ਼ੀ ਮੰਗਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਕਿਸਾਨ ਸਿਰਫ਼ ਦੇਸ਼ ਲਈ ਅੰਨ ਪੈਦਾ ਨਹੀਂ ਕਰ ਰਹੇ, ਸਗੋਂ ਸਰਹੱਦਾਂ ‘ਤੇ ਦੇਸ਼ ਦੀ ਰੱਖਿਆ ਵੀ ਕਰ ਰਹੇ ਹਨ। ਲਕਸ਼ਮੀ ਕਾਂਤਾ ਨੇ ਮੋਦੀ ਸਰਕਾਰ ਨੂੰ ਅਪੀਲ ਕੀਤੀ ਕਿ ਕਿਸਾਨਾਂ ਦਾ ਮਸਲਾ ਗੱਲਬਾਤ ਕਰ ਕੇ ਜਲਦੀ ਹੱਲ ਕੀਤਾ ਜਾਵੇ।

ਕਿਸਾਨਾਂ ਦੇ ਸ਼ਾਂਤਮਈ ਪ੍ਰਦਰਸ਼ਨ ਦੀ ਤਾਰੀਫ਼ ਕਰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਭਰ ਦੇ ਕਿਸਾਨ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ ਅਤੇ ਮੋਦੀ ਸਰਕਾਰਾਂ ਨੂੰ ਕਿਸਾਨਾਂ ਨਾਲ ਅੜੀਅਲ ਰਵੱਈਆ ਨਹੀਂ ਵਰਤਣਾ ਚਾਹੀਦਾ। ਦੱਸ ਦੇਈਏ ਕਿ ਲਕਸ਼ਮੀਕਾਂਤਾ ਚਾਵਲਾ ਵੱਲੋਂ ਸੋਸ਼ਲ਼ ਮੀਡੀਆ ‘ਤੇ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਇੱਕ ਪਾਸੇ ਉਹਨਾਂ ਵੱਲੋਂ ਕਿਸਾਨ ਅੰਦੋਲਨ ਦੀ ਤਾਰੀਫ਼ ਕੀਤੀ ਗਈ।

ਉੱਥੇ ਹੀ ਮੋਦੀ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਨਸੀਹਤ ਵੀ ਦਿੱਤੀ ਗਈ। ਫਿਲਹਾਲ ਹੁਣ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਮੋਦੀ ਸਰਕਾਰ ਵੱਲੋਂ ਖੇਤੀ ਕਾਨੂੰਨ ਵਾਪਿਸ ਲਏ ਜਾਂਦੇ ਹਨ ਜਾਂ ਫਿਰ ਨਹੀਂ।

Click to comment

Leave a Reply

Your email address will not be published. Required fields are marked *

Most Popular

To Top