ਕਿਸਾਨਾਂ ਨਾਲ ਗੱਲ ਕਰਨ ਲਈ ਮੋਦੀ ਸਰਕਾਰ ਤਿਆਰ, ਅੱਜ ਕਿਸਾਨਾਂ ਨੂੰ ਕਰਨਗੇ ਸੰਬੋਧਨ

ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਕਰੀਬ ਇਕ ਮਹੀਨੇ ਤੋਂ ਪ੍ਰਦਰਸ਼ਨ ਕਰ ਰਹੇ ਹਨ। ਇਸ ਦੇ ਚਲਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕਿਸਾਨਾਂ ਨੂੰ ਸੰਬੋਧਨ ਕਰਨਗੇ। ਉਹਨਾਂ ਕੱਲ੍ਹ ਟਵੀਟ ਕਰ ਕੇ ਕਿਹਾ ਸੀ ਕਿ ਇਹ ਦਿਨ ਕਿਸਾਨਾਂ ਲਈ ਬੇਹੱਦ ਅਹਿਮ ਹੋਵੇਗਾ।

ਪ੍ਰਧਾਨ ਮੰਤਰੀ ਪੀਐਮ ਸਨਮਾਨ ਨਿਧੀ ਦੀ ਅਗਲੀ ਕਿਸ਼ਤ ਜਾਰੀ ਕਰਨਗੇ। ਇਸ ਦਿਨ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਜਯੰਤੀ ਵੀ ਮਨਾਈ ਜਾਵੇਗੀ। ਪੀਐਮ ਮੋਦੀ ਨੇ ਟਵੀਟ ’ਚ ਲਿਖਿਆ ਸੀ ਕਿ ਦੁਪਹਿਰ 12 ਵਜੇ ਵੀਡੀਓ ਕਾਨਫਰੰਸਿੰਗ ਜ਼ਰੀਏ 9 ਕਰੋੜ ਤੋਂ ਜ਼ਿਆਦਾ ਪਰਿਵਾਰਾਂ ਨੂੰ ਪੀਐਮ ਕਿਸਾਨ ਦੀ ਅਗਲੀ ਕਿਸ਼ਤ ਜਾਰੀ ਕਰਨਗੇ।
ਇਸ ਮੌਕੇ ਤੇ ਕਈ ਸੂਬਿਆਂ ਦੇ ਕਿਸਾਨਾਂ ਨਾਲ ਗੱਲਬਾਤ ਵੀ ਕਰਾਂਗਾ। ਪੀਐਮ ਮੋਦੀ ਦਫ਼ਤਰ ਨੇ ਕਿਹਾ ਕਿ ਇਕ ਬਟਨ ਦਬਾ ਕੇ 18000 ਕਰੋੜ ਤੋਂ ਜ਼ਿਆਦਾ ਰਕਮ ਟਰਾਂਸਫਰ ਕੀਤੀ ਜਾਵੇਗੀ। ਇਸ ਦੌਰਾਨ ਪ੍ਰਧਾਨ ਮੰਤਰੀ ਕਿਸਾਨ ਤੇ ਕਿਸਾਨਾਂ ਦੇ ਕਲਿਆਣ ਲਈ ਸਰਕਾਰ ਵੱਲੋਂ ਚੁੱਕੇ ਵੱਖ-ਵੱਖ ਕਦਮਾਂ ਬਾਰੇ ਅਪਣੇ ਤਜ਼ਰਬੇ ਸਾਂਝੇ ਕਰਨਗੇ।
ਇਸ ਦੌਰਾਨ ਕੇਂਦਰੀ ਖੇਤੀਬਾੜੀ ਮੰਤਰੀ ਵੀ ਹਾਜ਼ਰ ਰਹਿਣਗੇ। ਪੀਐਮ ਕਿਸਾਨ ਯੋਜਨਾ ਦੇ ਤਹਿਤ ਲਾਭਪਾਤਰੀ ਕਿਸਾਨਾਂ ਨੂੰ 6000 ਰੁਪਏ ਪ੍ਰਤੀ ਸਾਲ ਦਾ ਵਿੱਤੀ ਲਾਭ ਦਿੱਤਾ ਜਾਂਦਾ ਹੈ। ਜੋ ਕਿ 2,000 ਰੁਪਏ ਦੀ ਹਰ ਚਾਰ ਮਹੀਨੇ ਦੀਆਂ ਤਿੰਨ ਸਮਾਨ ਕਿਸ਼ਤਾਂ ‘ਚ ਦਿੱਤਾ ਜਾਂਦਾ ਹੈ।
ਪੈਸਾ ਸਿੱਧਾ ਲਾਭਪਾਤਰੀਆਂ ਦੇ ਬੈਂਕ ਖਾਤਿਆਂ ‘ਚ ਭੇਜਿਆ ਜਾਂਦਾ ਹੈ। ਦਸ ਦਈਏ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਜੱਥੇਬੰਦੀਆਂ ਤੇ ਸਰਕਾਰ ਦੀ ਖਿਚੋਤਾਣ ਵਿੱਚ ਪੀਐਮ ਮੋਦੀ ਦਾ ਸੰਬੋਧਨ ਮਹੱਤਵਪੂਰਨ ਹੈ ਤੇ ਇਸ ਲਈ ਭਾਜਪਾ ਨੇ ਕਾਫ਼ੀ ਤਿਆਰੀਆਂ ਕੀਤੀਆਂ ਹਨ।
ਭਾਜਪਾ ਦੇ ਰਾਸ਼ਟਰੀ ਮਹਾਂਸਕੱਤਰ ਅਰੁਣ ਸਿੰਘ ਨੇ ਦਸਿਆ ਕਿ ਇਸ ਮੌਕੇ ਭਾਜਪਾ ਦੇ ਲੀਡਰ ਤੇ ਦੇਸ਼ ਭਰ ਦੇ ਕਿਸਾਨ ਵੱਖ-ਵੱਖ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਗੇ। ਦੇਸ਼ ਦੇ 19,000 ਤੋਂ ਜ਼ਿਆਦਾ ਸਥਾਨਾਂ ਤੇ ਇਹ ਪ੍ਰੋਗਰਾਮ ਆਯੋਜਿਤ ਹੋਣਗੇ। ਇਹਨਾਂ ਪ੍ਰੋਗਰਾਮਾਂ ਵਿੱਚ ਦੇਸ਼ ਦੇ ਇਕ ਕਰੋੜ ਤੋਂ ਜ਼ਿਆਦਾ ਕਿਸਾਨਾਂ ਦੀ ਭਾਗੀਦਾਰੀ ਯਕੀਨੀ ਬਣੀ ਹੈ।
