ਕਿਸਾਨਾਂ ਦੇ ਹੱਕ ’ਚ ਬੋਲੇ ਜੇਜੇਪੀ ਲੀਡਰ ਡਾ: ਸੰਤੋਸ਼ ਦਹੀਆ, ਪਾਰਟੀ ਛੱਡਣ ਦਾ ਕੀਤਾ ਐਲਾਨ

ਕਰਨਾਲ ਦੇ ਕਿਸਾਨਾਂ ‘ਤੇ ਹੋਏ ਲਾਠੀਚਾਰਜ ਦੀ ਦੇਸ਼ ਭਰ ‘ਚ ਲੋਕ ਨਿੰਦਾ ਕਰ ਰਹੇ ਹਨ। ਅਜਿਹੇ ‘ਚ ਹੁਣ ਕਿਸਾਨਾਂ ‘ਤੇ ਲਾਠੀਚਾਰਜ ਕਰਨ ਤੋਂ ਦੁਖੀ ਹੋ ਕਿ ਜੇਜੇਪੀ ਲੀਡਰ ਡਾ: ਸੰਤੋਸ਼ ਦਹੀਆ ਨੇ ਪਾਰਟੀ ਛੱਡਣ ਦਾ ਐਲਾਨ ਕੀਤਾ। ਜੀ ਹਾਂ ਸੰਤੋਸ਼ ਦਹੀਆ ਨੇ ਕਿਹਾ ਕਿ ੳਹਨਾਂ ਨੂੰ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਤੋਂ ਬਹੁਤ ਉਮੀਦਾਂ ਸੀ ਕਿ ਉਹ ਕਿਸਾਨਾਂ ਦਾ ਸਾਥ ਦੇਣਗੇ ਪਰ ਸ਼ਨੀਵਾਰ ਨੂੰ ਕਿਸਾਨਾਂ ਦੇ ਨਾਲ ਜੋ ਹੋਇਆ ਉਹ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਅਤੇ ਹੁਣ ਉਹਨਾਂ ਵੱਲੋਂ ਜੇਜੇਪੀ ਪਾਰਟੀ ਛੱਡਣ ਦਾ ਐਲਾਨ ਕੀਤਾ ਗਿਆ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੰਤੋਸ਼ ਦਹੀਆ ਨੇ ਭਾਵੁਕ ਹੁੰਦੇ ਕਿਹਾ ਕਿ, “ਕੋਈ ਪ੍ਰੋਗਰਾਮ ਹੁੰਦਾ ਹੈ ਤਾਂ ਅਕਸਰ ਕਿਸਾਨਾਂ ਨੂੰ ਟਾਰਗੇਟ ਕੀਤਾ ਜਾਂਦਾ ਹੈ।” ਉਹਨਾਂ ਕਿਹਾ ਕਿ, “ਲਾਠੀਚਾਰਜ ਕਰਕੇ ਕਿਸੇ ਵੀ ਅੰਦੋਲਨ ਨੂੰ ਖਤਮ ਨਹੀਂ ਕੀਤਾ ਜਾ ਸਕਦਾ।” ਉਹਨਾਂ ਵੱਲੋਂ ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਗੱਲ ਸੁਣਨ ਦੀ ਅਪੀਲ ਵੀ ਕੀਤੀ ਗਈ।
ਦੱਸ ਦਈਏ ਕਿ ਬੀਤੇ ਸ਼ਨੀਵਾਰ ਨੂੰ ਕਰਨਾਲ ‘ਚ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦਾ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਗਿਆ। ਇਸ ਦੌਰਾਨ ਪੁਲਿਸ ਦੇ ਵੱਲੋਂ ਕਿਸਾਨਾਂ ‘ਤੇ ਅੰਨ੍ਹੇਵਾਹ ਲਾਠੀਚਾਰਜ ਕੀਤਾ ਗਿਆ ਅਤੇ ਵੱਡੀ ਗਿਣਤੀ ‘ਚ ਕਿਸਾਨ ਜ਼ਖਮੀ ਹੋ ਗਏ। ਇਸਦੇ ਮੱਦੇਨਜ਼ਰ ਲੋਕਾਂ ਦੇ ਵੱਲੋਂ ਭਾਜਪਾ ਸਰਕਾਰ ਨੂੰ ਲਾਹਨਤਾਂ ਪਾਈਆਂ ਜਾ ਰਹੀਆਂ ਨੇ ਅਤੇ ਹੁਣ ਜੇਜੇਪੀ ਲੀਡਰ ਡਾ: ਸੰਤੋਸ਼ ਦਹੀਆ ਨੇ ਪਾਰਟੀ ਛੱਡਣ ਦਾ ਐਲਾਨ ਕਰ ਦਿੱਤਾ ਹੈ।
