ਕਿਸਾਨਾਂ ਦੇ ਹੱਕ ’ਚ ‘ਆਪ’ ਦੀ ਨਵੀਂ ਮੁਹਿੰਗ, 4 ਦਸੰਬਰ ਤੋਂ ਹੋਵੇਗੀ ਸ਼ੁਰੂ

ਆਮ ਆਦਮੀ ਪਾਰਟੀ 4 ਦਸੰਬਰ ਤੋਂ ਪੰਜਾਬ ਵਿੱਚ ਇਕ ਨਵੀਂ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ। ‘ਆਪ’ ਕਿਸਾਨ, ਮਜ਼ਦੂਰ, ਵਪਾਰੀ ਬਚਾਓ’ ਮੁਹਿੰਮ ਚਲਾਵੇਗੀ। ਇਸ ਮੁਹਿੰਮ ਦੀ ਸ਼ੁਰੂਆਤ 4 ਦਸੰਬਰ ਨੂੰ ਮੌੜ ਮੰਡੀ ਵਿੱਚ ਇਕ ਵੱਡੀ ਜਨ ਸਭਾ ਕਰਕੇ ਕੀਤੀ ਜਾਵੇਗੀ।

ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਇਸ ਮੁਹਿੰਮ ਤਹਿਤ ਪੰਜਾਬ ਵਿੱਚ ਰੈਲੀਆਂ ਕੀਤੀਆਂ ਜਾਣਗੀਆਂ। ਉਹਨਾਂ ਕਿਹਾ ਕਿ 4 ਦਸੰਬਰ ਨੂੰ ਮੌੜ ਮੰਡੀ, 13 ਦਸੰਬਰ ਨੂੰ ਪੱਟੀ ਅਤੇ 20 ਦਸੰਬਰ ਨੂੰ ਬਾਘਾ ਪੁਰਾਣਾ ਵਿਖੇ ਰੈਲੀਆਂ ਕੀਤੀਆਂ ਜਾਣਗੀਆਂ।
ਭਗਵੰਤ ਮਾਨ ਨੇ ਦਸਿਆ ਕਿ ਇਹਨਾਂ ਰੈਲੀਆਂ ਰਾਹੀਂ ਦਸਿਆ ਜਾਵੇਗਾ ਕਿ ਨਵੇਂ ਲਿਆਂਦੇ ਕਾਨੂੰਨ ਇਕੱਲੇ ਕਿਸਾਨ ਵਿਰੋਧੀ ਨਹੀਂ ਹਨ ਇਹ ਕਾਨੂੰਨ ਲੋਕ ਵਿਰੋਧੀ ਹਨ। ਪੰਜਾਬ ਦਾ ਹਰ ਵਿਅਕਤੀ ਕਿਸਾਨ ਨਾਲ ਕਿਸੇ ਨਾ ਕਿਸੇ ਢੰਗ ਨਾਲ ਜੁੜਿਆ ਹੋਇਆ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਕਾਨੂੰਨੀ ਤੌਰ ਤੇ ਐਮਐਸਪੀ ਦੀ ਗਰੰਟੀ ਦੇਣ।
ਕੈਪਟਨ ਸਾਹਿਬ ਦਾ ਇਹ ਫਰਜ਼ ਬਣਦਾ ਸੀ ਕਿ ਸੂਬੇ ਦੇ ਮੁਖੀ ਹੋਣ ਦੇ ਨਾਤੇ ਕਾਨੂੰਨੀ ਗਰੰਟੀ ਦੇ ਕੇ ਕੇਂਦਰ ਨਾਲ ਗੱਲ ਕਰਦੇ। ਉਨ੍ਹਾਂ ਕਿਹਾ ਕਿ ਕੈਪਟਨ ਸਾਹਿਬ ਕਾਨੂੰਨੀ ਤੌਰ ‘ਤੇ ਕਿਸਾਨਾਂ ਨੂੰ ਗਾਰੰਟੀ ਦੇਣ ਨਹੀਂ ਫਿਰ ਗੱਦੀ ਛੱਡਣ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ‘ਤੇ ਕਿਸਾਨਾਂ ਦੀਆਂ 22 ਫਸਲਾਂ ਨੂੰ ਐਮਐਸਪੀ ‘ਤੇ ਸਰਕਾਰ ਆਪ ਚੁੱਕੇਗੀ।
ਇਨ੍ਹਾਂ ਰੈਲੀਆਂ ‘ਚ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਕੀਤਾ ਜਾਵੇਗਾ। ਉਹਨਾਂ ਨੇ ਰੈਲੀਆਂ ਲਈ ਕਸਬਿਆਂ ਵਿੱਚ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਹਨ। ਹਰਿਆਣਾ ਦੀ ਖੱਟਰ ਸਰਕਾਰ ਵੱਲੋਂ ਕਿਸਾਨਾਂ ਨੂੰ ਹਰਿਆਣਾ ਵਿੱਚ ਦਾਖਲ ਹੋਣ ਤੋਂ ਰੋਕਣ ਲਈ ਸੂਬਾ ਸਰਹੱਦਾਂ ਨੂੰ ਸੀਲ ਕਰਨ ਦੀ ਨਿਖੇਧੀ ਕਰਦਿਆਂ ਮਾਨ ਨੇ ਕਿਹਾ ਕਿ ਇਹ ਰੋਸ ਪ੍ਰਗਟਾਉਣ ਦੇ ਮਿਲੇ ਹੱਕਾਂ ਤੇ ਡਾਕਾ ਹੈ।
