ਕਿਸਾਨਾਂ ਦੇ ਹੱਕ ’ਚ ਆਏ ਮੁੱਕੇਬਾਜ਼ ਵਿਜੇਂਦਰ ਸਿੰਘ, ਕਰਤਾ ਵੱਡਾ ਐਲਾਨ

ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇ ਸਰਕਾਰ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਵਾਪਸ ਨਹੀਂ ਕਰਦੀ ਤਾਂ ਮੈਂ ਆਪਣਾ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਵਾਪਸ ਕਰਾਂਗਾ, ਜੋ ਦੇਸ਼ ਦਾ ਸਰਵਉਚ ਖੇਡ ਸਨਮਾਨ ਹੈ।

ਦਸ ਦਈਏ ਕਿ ਕੇਂਦਰ ਸਰਕਾਰ ਅਤੇ ਕਿਸਾਨਾਂ ਦੀ ਅਗਲੀ ਬੈਠਕ ਹੁਣ 9 ਦਸੰਬਰ ਨੂੰ ਰੱਖੀ ਗਈ ਹੈ। ਇਸ ਨੂੰ ਲੈ ਕੇ ਕਿਸਾਨ ਹੁਣ ਤੋਂ ਹੀ ਅਗਲੀ ਰਣਨੀਤੀ ਵਿੱਚ ਜੁਟ ਗਏ ਹਨ। ਖੇਤੀ ਕਾਨੂੰਨਾਂ ਦੇ ਵਿਰੁਧ ਕਿਸਾਨਾਂ ਦੇ ਅੰਦੋਲਨ ਦਾ ਐਤਵਾਰ ਨੂੰ 11ਵਾਂ ਦਿਨ ਹੈ।
ਕਿਸਾਨ ਅੰਦੋਲਨ ਨੂੰ ਲੈ ਕੇ ਨਵੀਂ ਰਣਨੀਤੀ ਲਈ ਕਿਸਾਨਾਂ ਦੀ ਅਹਿਮ ਬੈਠਕ ਚਲ ਰਹੀ ਹੈ। ਇਸ ਵਿੱਚ ਅੱਗੇ ਦੀਆਂ ਯੋਜਨਾਵਾਂ ਬਾਰੇ ਵਿਚਾਰ ਵਟਾਂਦਰੇ ਕੀਤੇ ਜਾ ਰਹੇ ਹਨ। ਕਿਸਾਨਾਂ ਵੱਲੋਂ 8 ਦਸੰਬਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਸਿੰਘੂ ਬਾਰਡਰ ਤੇ ਕਿਸਾਨਾਂ ਦੀਆਂ ਵੱਖ-ਵੱਖ ਜੱਥੇਬੰਦੀਆਂ ਦੀ ਬੈਠਕ ਜਾਰੀ ਹੈ।
ਸ਼ਨੀਵਾਰ ਨੂੰ ਕੇਂਦਰ ਨਾਲ ਕਿਸਾਨਾਂ ਦੀ ਪੰਜਵੇਂ ਗੇੜ ਦੀ ਬੈਠਕ ਵੀ ਬੇਸਿੱਟਾ ਰਹੀ ਸੀ। ਕੇਂਦਰੀ ਮੰਤਰੀ ਨਰਿੰਦਰ ਤੋਮਰ ਨੇ ਇਸ ਬੈਠਕ ਤੋਂ ਬਾਅਦ ਬਿਆਨ ਦਿੱਤਾ ਸੀ ਕਿ ਉਹਨਾਂ ਕਿਸਾਨਾਂ ਨੂੰ ਐਮਐਸਪੀ ਜਾਰੀ ਰੱਖਣ ਦਾ ਭਰੋਸਾ ਦਿਤਾ ਹੈ। ਉਹਨਾਂ ਕਿਹਾ ਕਿ ਕਿਸਾਨਾਂ ਦੇ ਖਦਸ਼ੇ ਦੂਰ ਕੀਤੇ ਜਾ ਰਹੇ ਹਨ।
ਉਹਨਾਂ ਇਹ ਵੀ ਕਿਹਾ ਕਿ ਸਰਕਾਰ ਸਾਰੇ ਪਹਿਲੂਆਂ ਤੇ ਵਿਚਾਰ ਕਰ ਰਹੀ ਹੈ ਤੇ ਇਸ ਮਸਲੇ ਦਾ ਹੱਲ ਕੱਢਣ ਲਈ ਰਾਹ ਲੱਭ ਰਹੀ ਹੈ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਜੋ ਵੀ ਫ਼ੈਸਲਾ ਹੋਵੇਗਾ ਕਿਸਾਨਾਂ ਦੇ ਹੱਕ ਵਿੱਚ ਹੋਵੇਗਾ।
ਦੱਸ ਦੇਈਏ ਕਿ ਕੇਂਦਰ ਸਰਕਾਰ ਨੇ ਫੈਸਲੇ ਲਈ ਕਿਸਾਨਾਂ ਤੋਂ ਸਮਾਂ ਮੰਗਿਆ ਹੈ। ਇਸ ਲਈ ਹੁਣ ਅਗਲੀ ਮੀਟਿੰਗ 9 ਦਸੰਬਰ ਨੂੰ ਰੱਖੀ ਗਈ ਹੈ ਪਰ ਉਸ ਤੋਂ ਪਹਿਲਾਂ ਭਾਰਤ ਬੰਦਾ ਦਾ ਐਲਾਨ ਕਿਸਾਨਾਂ ਵੱਲੋਂ ਕੀਤਾ ਗਿਆ ਹੈ।
