ਕਿਸਾਨਾਂ ਦੇ ਗੁੱਸੇ ਨੂੰ ਦੇਖਦੇ ਪੰਜਾਬ ਸਰਕਾਰ ਦਾ ਫ਼ੈਸਲਾ, ਚੰਡੀਗੜ੍ਹ ਹੋਵੇਗੀ ਅਹਿਮ ਬੈਠਕ

ਕਿਸਾਨ ਜੱਥੇਬੰਦੀਆਂ ਨੇ ਗੰਨੇ ਦੀ ਬਕਾਇਆ ਰਾਸ਼ੀ ਸਬੰਧੀ ਪਿਛਲੇ ਤਿੰਨ ਦਿਨਾਂ ਤੋਂ ਕੌਮੀ ਮਾਰਗ ਤੇ ਜਲੰਧਰ-ਦਿੱਲੀ ਰੇਲਵੇ ਮਾਰਗ ਤੇ ਧਰਨਾ ਲਾਇਆ ਹੋਇਆ ਹੈ। ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਪ੍ਰਧਾਨ ਮਨਜੀਤ ਸਿੰਘ ਰਾਏ ਨੇ ਸਪੱਸ਼ਟ ਕੀਤਾ ਕਿ ਅੱਜ ਰੱਖੜੀ ਵਾਲੇ ਦਿਨ ਵੀ ਜਾਮ ਜਾਰੀ ਰਹੇਗਾ, ਹਾਲਾਂਕਿ ਕੁਝ ਕਿਸਾਨ ਆਗੂ ਇਸ ਗੱਲ ਦੇ ਹੱਕ ਵਿੱਚ ਸਨ ਕਿ ਰੱਖੜੀ ਵਾਲੇ ਦਿਨ ਢਿੱਲ ਦਿੱਤੀ ਜਾਵੇ। ਉੱਧਰ ਕਿਸਾਨਾਂ ਦੇ ਧਰਨੇ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਅੱਜ ਕਿਸਾਨਾਂ ਨਾਲ ਪੰਜਾਬ ਭਵਨ ਵਿੱਚ ਬੈਠਕ ਕੀਤੀ ਜਾਵੇਗੀ।

ਕਿਸਾਨਾਂ ਦੇ ਰੋਹ ਨੂੰ ਵੇਖਦਿਆਂ ਪੰਜਾਬ ਸਰਕਾਰ ਮਸਲਾ ਹੱਲ ਕਰਨ ਲਈ ਸਰਗਰਮ ਹੋਈ ਹੈ। ਇਸ ਲਈ ਅੱਜ ਚੰਡੀਗੜ੍ਹ ਵਿੱਚ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਕਿਸਾਨਾਂ ਦੀ ਬੈਠਕ ਹੋ ਰਹੀ ਹੈ। ਇਹ ਬੈਠਕ ਅੱਜ ਪੰਜਾਬ ਭਵਨ ਚੰਡੀਗੜ੍ਹ ਵਿੱਚ ਹੋਵੇਗੀ, ਜਿਸ ਦੀ ਪ੍ਰਧਾਨਗੀ ਕੈਬਨਿਟ ਮੰਤਰੀ ਕਰਨਗੇ। ਉਹਨਾਂ ਨਾਲ ਏਸੀਐਸ ਅਨਿਰੁਧ ਤਿਵਾੜੀ, ਗੰਨਾ ਕਮਿਸ਼ਨਰ ਤੇ ਡਾਇਰੈਕਟਰ ਖੇਤੀਬਾੜੀ ਵੀ ਮੌਜੂਦ ਹੋਣਗੇ।
ਦੱਸ ਦਈਏ ਕਿ ਸ਼ਨੀਵਾਰ ਨੂੰ ਗੰਨਾ ਕਾਸ਼ਤਕਾਰਾਂ ਵੱਲੋਂ ਜਲੰਧਰ ਰੇਲਵੇ ਲਾਈਨ ਤੇ ਲਾਏ ਗਏ ਧਰਨੇ ਕਾਰਨ ਫਿਰੋਜ਼ਪੁਰ ਡਿਵੀਜ਼ਨ ਵਿੱਚ 107 ਰੇਲਾਂ ਪ੍ਰਭਾਵਿਤ ਹੋਈਆਂ ਹਨ। ਰੇਲ ਅਧਿਕਾਰੀਆਂ ਮੁਤਾਬਕ ਧਰਨੇ ਕਾਰਨ ਕਰੀਬ 50 ਰੇਲ ਗੱਡੀਆਂ ਰੱਦ ਕੀਤੀਆਂ ਗਈਆਂ ਹਨ, 18 ਰੇਲ ਗੱਡੀਆਂ ਦੇ ਰੂਟ ਬਦਲੇ ਗਏ, 36 ਰੇਲ ਗੱਡੀਆਂ ਵੱਖ-ਵੱਖ ਸਟੇਸ਼ਨਾਂ ਤੇ ਰੋਕੀਆਂ ਗਈਆਂ ਤੇ 3 ਰੇਲ ਗੱਡੀਆਂ ਦੇ ਸਮੇਂ ਵਿੱਚ ਬਦਲਾਅ ਕੀਤਾ ਗਿਆ ਹੈ।
