ਕਿਸਾਨਾਂ ਦੀ ਹੋਈ ਵੱਡੀ ਜਿੱਤ, ਘਰ ਨੂੰ ਜਾ ਰਹੇ ਨੇ ਕਿਸਾਨ, ਧਰਨੇ ਵਾਲੀ ਥਾਂ ਤੋਂ ਟੈਂਟ ਪੁੱਟਣੇ ਕੀਤੇ ਸ਼ੁਰੂ

ਕੇਂਦਰ ਸਰਕਾਰ ਵੱਲੋਂ ਵੱਖ-ਵੱਖ ਮੁੱਦਿਆਂ ਤੇ ਸਹਿਮਤੀ ਪ੍ਰਗਟਾਉਣ ਤੋਂ ਬਾਅਦ ਕਿਸਾਨ ਜੱਥੇਬੰਦੀਆਂ ਵੱਲੋਂ ਧਰਨਾ ਮੁਅੱਤਲ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਦਿੱਲੀ ਦੇ ਗਾਜ਼ੀਪੁਰ ਬਾਰਡਰ ‘ਤੇ ਵੀਰਵਾਰ ਨੂੰ ਪ੍ਰਦਰਸ਼ਨ ਕਰ ਰਹੇ ਕਿਸਾਨਾਂ ‘ਚ ਜ਼ਸ਼ਨ ਦਾ ਮਾਹੌਲ ਦੇਖਣ ਨੂੰ ਮਿਲਿਆ। ਕਿਸਾਨਾਂ ਨੇ ਇੱਕ-ਦੂਜੇ ਨੂੰ ਮਠਿਆਈਆਂ ਖਿਲਾ ਕੇ ਆਪਣੀ ਜਿੱਤ ਦਾ ਜਸ਼ਨ ਮਨਾਇਆ।

ਇਸ ਦੌਰਾਨ ਕਈ ਕਿਸਾਨ ਆਪਣੇ ਟੈਂਟ ਪੁੱਟਦੇ ਵੀ ਦੇਖੇ ਗਏ। ਕਿਸਾਨਾਂ ਨੇ ਕਿਹਾ ਕਿ ਉਹ ਇਸ ਫੈਸਲੇ ਤੋਂ ਬਹੁਤ ਖੁਸ਼ ਹਨ ਤੇ ਹੁਣ ਆਪੋ-ਆਪਣੇ ਘਰਾਂ ਨੂੰ ਜਾਣ ਲਈ ਤਿਆਰ ਹਨ। ਅੰਦੋਲਨ ਮੁਲਤਵੀ ਕਰਨ ਦੇ ਫੈਸਲੇ ਤੋਂ ਬਾਅਦ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਹੰਕਾਰੀ ਸਰਕਾਰ ਨੂੰ ਝੁਕਾ ਕੇ ਜਾ ਰਹੇ ਹਾਂ। ਉਨ੍ਹਾਂ ਕਿਹਾ ਕਿ ਅੰਦੋਲਨ ਖ਼ਤਮ ਨਹੀਂ ਹੋਇਆ, ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ।
ਮੋਰਚਿਆਂ ਦਾ ਅੰਤ ਹੋ ਰਿਹਾ ਹੈ। 11 ਦਸੰਬਰ ਤੋਂ ਘਰ ਪਰਤਣਗੇ। ਉੱਥੇ ਹੀ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਸਾਂਝਾ ਕਿਸਾਨ ਮੋਰਚਾ ਬਰਕਰਾਰ ਰਹੇਗਾ। ਅਗਲੀ ਮੀਟਿੰਗ 15 ਜਨਵਰੀ ਨੂੰ ਕੀਤੀ ਜਾਵੇਗੀ। ਕਿਸਾਨਾਂ ਦੇ ਮੁੱਦੇ ਤੇ ਅੰਦੋਲਨ ਜਾਰੀ ਰਹੇਗਾ।
ਕਿਸਾਨ ਆਗੂਆਂ ਨੇ ਕਿਹਾ ਕਿ, ਇਸ ਦੇ ਨਾਲ ਹੀ ਕਿਸਾਨ ਮੋਰਚੇ ਨੇ ਘੱਟੋ-ਘੱਟ ਸਮਰਥਨ ਮੁੱਲ ਗਾਰੰਟੀ ਐਕਟ ਲਾਗੂ ਹੋਣ ਤੱਕ ਹਰ ਮਹੀਨੇ ਮੀਟਿੰਗ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ 15 ਜਨਵਰੀ ਨੂੰ ਇੱਕ ਵਾਰ ਫਿਰ ਮੀਟਿੰਗ ਸੱਦੀ ਗਈ ਹੈ। ਪਰ ਜੇਕਰ ਸਰਕਾਰ ਨੇ ਆਪਣੇ ਵਾਅਦੇ ਪੂਰੇ ਨਾ ਕੀਤੇ ਤਾਂ ਫਿਰ ਤੋਂ ਅੰਦੋਲਨ ਕੀਤਾ ਜਾਵੇਗਾ।
