ਕਿਸਾਨਾਂ ਦੀ ਸੇਵਾ ‘ਚ ਲੱਗੇ ਹੋਟਲ Golden Hut ਦੇ ਰਸਤੇ ‘ਤੇ ਸਰਕਾਰ ਵੱਲੋਂ ਬੈਰੀਕੇਡਿੰਗ, ਰਣਜੀਤ ਬਾਵਾ ਉੱਤਰੇ ਹੱਕ ‘ਚ

ਬਹੁਤ ਸਾਰੇ ਲੋਕਾਂ ਵੱਲੋਂ ਕਿਸਾਨਾਂ ਦੀ ਮਦਦ ਕੀਤੀ ਜਾ ਰਹੀ ਹੈ। ਰਾਮ ਸਿੰਘ ਰਾਣਾ ਨਾਂ ਦਾ ਇੱਕ ਵਿਅਕਤੀ ਪਿਛਲੇ 7 ਮਹੀਨਿਆਂ ਤੋਂ ਕਿਸਾਨ ਅੰਦੋਲਨ ਵਿੱਚ ਪਾਣੀ, ਦੁੱਧ ਤੇ ਲੰਗਰ ਦੀ ਸੇਵਾ ਕਰ ਰਿਹਾ ਹੈ। ਰਾਮ ਸਿੰਘ ਰਾਣਾ ਦਾ ਸਰਹੱਦ ਤੇ ਗੋਲਡਨ ਹੱਟ ਨਾਂ ਦਾ ਹੋਟਲ ਹੈ। ਉਹ ਤਿੰਨੇ ਬਾਰਡਰਾਂ ਤੇ ਕਿਸਾਨਾਂ ਦੀ ਸੇਵਾ ਕਰ ਰਿਹਾ ਹੈ। ਉਹਨਾਂ ਦਾ ਕੁਰੂਕਸ਼ੇਤਰ ਵਿੱਚ ਵੀ ਇਕ ਹੋਟਲ ਹੈ ਜਿੱਥੇ ਸਰਕਾਰ ਨੇ ਬੈਰੀਕੇਡ ਲਾ ਕੇ ਸੜਕ ਬੰਦ ਕਰ ਦਿੱਤੀ ਹੈ।

ਰਾਣਾ ਸਿੰਘ ਦੇ ਹੱਕ ਵਿੱਚ ਪੰਜਾਬ ਦੇ ਬਹੁਤ ਸਾਰੇ ਕਿਸਾਨ ਨਿੱਤਰੇ ਹਨ ਅਤੇ ਨਾਲ ਹੀ ਪੰਜਾਬੀ ਨਾਮੀ ਗਾਇਕ ਰਣਜੀਤ ਬਾਵਾ ਨੇ ਵੀ ਉਸ ਦੇ ਹੱਕ ਵਿੱਚ ਆਵਾਜ਼ ਚੁੱਕੀ ਹੈ। ਉਹਨਾਂ ਨੇ ਇੱਕ ਪੋਸਟ ਸਾਂਝੀ ਕਰ ਕੇ ਮੰਗ ਕੀਤੀ ਹੈ ਕਿ ਇਸ ਰਸਤੇ ਨੂੰ ਤੁਰੰਤ ਖੋਲ੍ਹਿਆ ਜਾਣਾ ਚਾਹੀਦਾ ਹੈ। ਉਹਨਾਂ ਨੇ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਰਾਮ ਸਿੰਘ ਰਾਣਾ ਦਾ ਸਾਥ ਦੇਣ ਤਾਂ ਜੋ ਉਹਨਾਂ ਦੇ ਹੋਟਲ ਦਾ ਰਸਤਾ ਖੋਲ੍ਹਿਆ ਜਾ ਸਕੇ।
ਉਹਨਾਂ ਦੀ ਇਹ ਪੋਸਟ ਸੋਸ਼ਲ ਮੀਡੀਆ ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਉਸ ਦੇ ਫੈਨਸ ਵੀ ਲਗਾਤਾਰ ਬਾਵਾ ਦੀ ਇਸ ਪੋਸਟ ਤੇ ਕੁਮੈਂਟਸ ਕਰ ਕੇ ਰਾਮ ਸਿੰਘ ਰਾਣਾ ਦਾ ਸਾਥ ਦੇਣ ਦੀ ਅਪੀਲ ਕਰ ਰਹੇ ਹਨ। ਉੱਥੇ ਹੀ ਰਾਮ ਸਿੰਘ ਰਾਣਾ ਦਾ ਕਹਿਣਾ ਹੈ ਕਿ ਉਹ ਲੰਮੇ ਸਮੇਂ ਤੋਂ ਕਿਸਾਨਾਂ ਦੀ ਮਦਦ ਕਰ ਰਹੇ ਹਨ। ਪਰ ਸਰਕਾਰ ਨੇ ਉਸ ਨਾਲ ਧੱਕਾ ਕੀਤਾ ਹੈ।
