ਕਿਸਾਨਾਂ ਦੀ ਸਬਸਿਡੀ ਨੂੰ ਲੈ ਕੇ ਕੇਂਦਰ ਸਰਕਾਰ ਦੀ ਨਵੀਂ ਯੋਜਨਾ

ਪੰਜਾਬ ਵਿੱਚ ਝੋਨੇ ਦੀ ਬਿਜਾਈ ਸ਼ੁਰੂ ਹੋ ਗਈ ਹੈ। ਉੱਥੇ ਹੀ ਕੇਂਦਰ ਸਰਕਾਰ ਵੱਲੋਂ ਨਵਾਂ ਫੁਰਮਾਨ ਆਉਣ ਜਾ ਰਿਹਾ ਹੈ। ਕੇਂਦਰ ਸਰਕਾਰ ਬਿਜਲੀ ਦੀ ਸਬਸਿਡੀ ਬਾਰੇ ਵੀ ਵੱਡਾ ਫ਼ੈਸਲਾ ਲੈ ਸਕਦੀ ਹੈ। ਭਾਰਤ ਸਰਕਾਰ ਸੂਬਿਆਂ ਉੱਪਰ ਦਬਾਅ ਬਣਾ ਰਹੀ ਹੈ ਕਿ ਬਿਜਲੀ ਸਬਸਿਡੀ ਵੀ ਕਿਸਾਨਾਂ ਦੇ ਖਾਤਿਆਂ ਵਿੱਚ ਸਿੱਧੀ ਪਾਈ ਜਾਵੇ। ਇਸ ਲਈ ਮੋਦੀ ਸਰਕਾਰ ਨੇ ਰਾਜ ਸਰਕਾਰਾਂ ਨੂੰ ਲਾਲਚ ਵੀ ਦਿੱਤਾ ਹੈ।

ਅਸਲ ਵਿੱਚ ਬਿਜਲੀ ਸਬਸਿਡੀ ਸੂਬਾ ਸਰਕਾਰਾਂ ਵੱਲੋਂ ਦਿੱਤੀ ਜਾਂਦੀ ਹੈ। ਇਸ ਲਈ ਕੇਂਦਰ ਸਰਕਾਰ ਨੇ ਸੂਬਿਆਂ ਨੂੰ ਅਪਣੇ ਕੁੱਲ ਘਰੇਲੂ ਕੁਲ ਉਤਪਾਦ ਦਾ 0.05 ਫ਼ੀਸਦੀ ਵੱਧ ਕਰਜ਼ਾ ਲੈਣ ਦੀ ਪੇਸ਼ਕਸ਼ ਕੀਤੀ ਹੈ। ਪੰਜਾਬ ਸਰਕਾਰ ਜੇ ਕੇਂਦਰ ਦੀ ਇਹ ਸ਼ਰਤ ਮੰਨ ਲੈਂਦੀ ਹੈ ਤਾਂ ਸੂਬੇ ਨੂੰ 3200 ਕਰੋੜ ਰੁਪਏ ਦਾ ਵਾਧੂ ਕਰਜ਼ਾ ਮਿਲੇਗਾ। ਸੂਤਰਾਂ ਨੇ ਦੱਸਿਆ ਕਿ ਵਿੱਤ ਵਿਭਾਗ ਨੇ ਸਾਰੇ ਸੂਬਿਆਂ ਨੂੰ 22 ਪੰਨਿਆਂ ਦੀ ਚਿੱਠੀ ਲਿਖੀ ਹੈ।
ਇਸ ਵਿੱਚ ਅਗਲੇ ਪੰਜ ਸਾਲਾਂ ਵਿੱਚ ਕੀਤੀਆਂ ਜਾਣ ਵਾਲੀਆਂ ਤਬਦੀਲੀਆਂ ਦਾ ਪੂਰਾ ਵੇਰਵਾ ਦਿੱਤਾ ਗਿਆ ਹੈ। ਇਸ ਵਿੱਚ ਸਭ ਤੋਂ ਵੱਡਾ ਮੁੱਦਾ ਕਿਸਾਨਾਂ ਨੂੰ ਸਬਸਿਡੀ ਦੇਣ ਬਾਰੇ ਹੈ। ਕੇਂਦਰ ਸਰਕਾਰ ਨੇ ਕਰਜ਼ਾ ਲੈਣ ਲਈ ਮਾਪਦੰਡ ਤਿਆਰ ਕੀਤਾ ਹੈ, ਜਿਸ ਨੂੰ ਪੁਆਇੰਟਾਂ ਦੇ ਹਿਸਾਬ ਨਾਲ ਮਾਪਿਆਂ ਜਾਵੇਗਾ। ਜਿਹੜੀ ਸੂਬਾ ਸਰਕਾਰ ਜਿੰਨੇ ਵੱਧ ਅੰਕ ਪ੍ਰਾਪਤ ਕਰੇਗੀ ਉਸ ਮੁਤਾਬਕ ਵਾਧੂ ਕਰਜ਼ੇ ਲੈਣ ਦੀ ਇਜਾਜ਼ਤ ਹੋਵੇਗੀ।
ਕੇਂਦਰ ਸਰਕਾਰ ਨੇ ਜੋ ਪੂਰੀ ਯੋਜਨਾ ਤਿਆਰ ਕਰ ਕੇ ਭੇਜੀ ਹੈ ਉਸ ਦੀ ਪਹਿਲੀ ਸ਼ਰਤ ਕਿਸਾਨਾਂ ਦੀ ਸਬਸਿਡੀ ਬੰਦ ਕਰਨਾ ਹੈ ਜੋ ਪੰਜਾਬ ਵਿੱਚ ਵਿਵਾਦ ਦਾ ਕਾਰਨ ਬਣ ਸਕਦੀ ਹੈ। ਪ੍ਰਤੀ ਟਿਊਬਵੈੱਲ ਦੇ ਹਿਸਾਬ ਨਾਲ ਬਣਦੀ ਬਿਜਲੀ ਦੀ ਰਕਮ ਕਿਸਾਨਾਂ ਦੇ ਖਾਤਿਆਂ ਵਿੱਚ ਪਾ ਦਿੱਤੀ ਜਾਵੇ। ਉਸ ਦੇ ਬਦਲੇ ਸੂਬੇ ਭਰ ਦੇ ਸਾਰੇ ਟਿਊਬਵੈੱਲਾਂ ਤੇ ਮੀਟਰ ਲਾਏ ਜਾਣ। ਪੰਜ ਫ਼ੀਸਦੀ ਮੀਟਰਿੰਗ ਕਰਕੇ ਕਿਸਾਨਾਂ ਦੇ ਖਾਤਿਆਂ ‘ਚ ਸਿੱਧੀ ਸਬਸਿਡੀ ਪਾਉਣ ‘ਤੇ ਉਨ੍ਹਾਂ ਨੂੰ 1 ਅੰਕ ਮਿਲੇਗਾ।

ਇਸ ‘ਚ ਕਿਸਾਨਾਂ ਵੱਲੋਂ ਬਿਜਲੀ ਦੀ ਖਪਤ ਘੱਟ ਕਰਨ ‘ਤੇ ਕਿਸਾਨਾਂ ਨੂੰ ਇੰਸੈਂਟਿਵ ਦੇਣ ਦਾ ਵੀ ਪ੍ਰੋਗਰਾਮ ਹੈ। ਇਹ ਕਿਹਾ ਗਿਆ ਹੈ ਕਿ ਜੇ ਕਿਸਾਨ ਮੀਟਰ ਲਾਉਣ ‘ਤੇ ਔਸਤਨ ਖਪਤ ਤੋਂ ਘੱਟ ਖਰਚ ਕਰਦੇ ਹਨ ਤਾਂ ਉਨ੍ਹਾਂ ਨੂੰ ਨਕਦ ਲਾਭ ਦਿੱਤਾ ਜਾਵੇਗਾ। ਕੇਂਦਰ ਨੇ ਕਿਹਾ ਹੈ ਕਿ ਜੇ ਕਿਸੇ ਸਰਕਾਰੀ ਵਿਭਾਗ, ਅਧੀਨ ਵਿਭਾਗ, ਸਥਾਨਕ ਸੰਸਥਾਵਾਂ ਆਦਿ ਵੱਲ ਕੋਈ ਬਕਾਇਆ ਨਹੀਂ ਹੈ ਤਾਂ ਉਸ ਨੂੰ 5 ਅੰਕ ਦਿੱਤੇ ਜਾਣਗੇ।
ਸਮਾਰਟ ਗ੍ਰਿਡ, ਪ੍ਰੀਪੇਡ ਮੀਟਰਿੰਗ ਵਰਗੇ ਕਦਮ ਚੁੱਕਣ ਲਈ ਵਾਧੂ ਅੰਕ ਦੇਣ ਦੀ ਯੋਜਨਾ ਵੀ ਹੈ। ਇਸ ਤੋਂ ਇਲਾਵਾ ਬੋਨਸ ਲਈ 25 ਅੰਕ ਵੀ ਰੱਖੇ ਗਏ ਹਨ, ਜੋ ਸੂਬਾ ਬਿਜਲੀ ਡਿਸਟ੍ਰੀਬਿਊਸ਼ਨ ਦਾ ਕੰਮ ਨਿੱਜੀ ਕੰਪਨੀਆਂ ਨੂੰ ਦੇ ਦੇਣਗੇ, ਉਨ੍ਹਾਂ ਨੂੰ 25 ਅੰਕ ਦਿੱਤੇ ਜਾਣਗੇ। ਅਜਿਹਾ ਕਰਨ ਲਈ 31 ਦਸੰਬਰ 2022 ਤਕ ਦਾ ਸਮਾਂ ਦਿੱਤਾ ਗਿਆ ਹੈ। ਜੇ ਕੋਈ ਸੂਬਾ ਸਰਕਾਰ ਉਪਰੋਕਤ ਐਂਟਰੀ ਲੈਵਲ ਨੂੰ ਪੂਰਾ ਨਹੀਂ ਕਰਦੀ ਤਾਂ ਉਨ੍ਹਾਂ ਨੂੰ ਕੋਈ ਵਾਧੂ ਕਰਜ਼ਾ ਨਹੀਂ ਮਿਲੇਗਾ।
ਜੇ ਕੋਈ ਸੂਬਾ ਸਰਕਾਰ 15 ਅੰਕ ਪ੍ਰਾਪਤ ਕਰੇਗੀ ਤਾਂ ਉਸ ਨੂੰ 0.35 ਫ਼ੀਸਦੀ ਅਤੇ ਜੇ 30 ਅੰਕ ਪ੍ਰਾਪਤ ਕਰੇਗੀ ਤਾਂ ਉਸ ਨੂੰ 0.50 ਫ਼ੀਸਦੀ ਕਰਜ਼ਾ ਮਿਲੇਗਾ। ਇਹ ਸਿਰਫ਼ 2021-22 ‘ਚ ਕਰਜ਼ਾ ਲੈਣ ਦੀਆਂ ਸ਼ਰਤਾਂ ਹਨ। 0.50 ਫ਼ੀਸਦੀ ਕਰਜ਼ਾ ਲੈਣ ਦੀਆਂ ਇਹ ਸ਼ਰਤਾਂ ਆਉਣ ਵਾਲੇ 5 ਸਾਲਾਂ ਲਈ ਹਨ ਤੇ ਇਸ ਨੂੰ ਹਰ ਸਾਲ ਲਈ ਵੱਖਰੇ ਤੌਰ ‘ਤੇ ਬਣਾਇਆ ਗਿਆ ਹੈ। ਪੰਜਾਬ ਸਰਕਾਰ ਹਰ ਸਾਲ ਵੱਖ-ਵੱਖ ਸੈਕਟਰਾਂ ਨੂੰ ਸਬਸਿਡੀ ਦਿੰਦੀ ਹੈ, ਜਿਸ ‘ਚ ਕਿਸਾਨ ਨੂੰ ਖੇਤੀਬਾੜੀ ਲਈ, ਦਲਿਤ ਤੇ ਪੱਛੜੇ ਵਰਗ ਨੂੰ ਘਰੇਲੂ ਖਪਤ ਲਈ 200 ਯੂਨਿਟ ਅਤੇ ਉਦਯੋਗ ਨੂੰ 5 ਯੂਨਿਟ ਬਿਜਲੀ ਦਿੱਤੀ ਜਾਂਦੀ ਹੈ। ਇਸ ਸਾਲ 10621 ਕਰੋੜ ਦੀ ਸਬਸਿਡੀ ਦਿੱਤੀ ਜਾਣੀ ਹੈ, ਜੋ ਕੁੱਲ ਬਜਟ ਦਾ 9 ਫ਼ੀਸਦੀ ਹੈ।
