ਕਿਸਾਨਾਂ ਦੀ ਮਦਦ ਲਈ ਦੁਬਈ ਤੋਂ ਆਈ ਵੱਡੀ ਖੇਪ

ਅਪਣੇ ਹੱਕ ਲੈਣ ਲਈ ਕਿਸਾਨ ਪਿਛਲੇ 17 ਦਿਨਾਂ ਤੋਂ ਕੜਾਕੇ ਦੀ ਠੰਡ ਵਿੱਚ ਦਿੱਲੀ ’ਚ ਡਟੇ ਹੋਏ ਹਨ। ਦਿੱਲੀ ਧਰਨੇ ਤੇ ਬੈਠੇ ਕਿਸਾਨਾਂ ਨੂੰ ਵੱਖ-ਵੱਖ ਸੂਬਿਆਂ ਦੇ ਕਿਸਾਨਾਂ ਦਾ ਸਮਰਥਨ ਮਿਲ ਰਿਹਾ ਹੈ। ਕਿਸਾਨਾਂ ਦੇ ਸਮਰਥਨ ਦੇ ਨਾਲ-ਨਾਲ ਉਹਨਾਂ ਨੂੰ ਮਦਦ ਵੀ ਮਿਲ ਰਹੀ ਹੈ।

ਭਾਰੀ ਗਿਣਤੀ ਵਿੱਚ ਲੋਕਾਂ ਵੱਲੋਂ ਮਦਦ ਲਈ ਹੱਥ ਅੱਗੇ ਵਧਾਏ ਜਾ ਰਹੇ ਹਨ। ਦਿੱਲੀ ਦੀਆਂ ਸੜਕਾਂ ਤੇ ਬੈਠੇ ਕਿਸਾਨਾਂ ਦੀ ਮਦਦ ਲਈ ਦੁਬਈ ਤੋਂ ਕਿਸਾਨ ਵੀਰਾਂ ਲਈ ਗਰਮ ਕੱਪੜਿਆਂ ਦੀ ਮਦਦ ਭੇਜੀ ਗਈ ਹੈ। ਇਸ ਵਿੱਚ ਚੱਪਲਾਂ, ਕੰਬਲ, ਜੁਰਾਬਾਂ ਹਨ ਜਿਸ ਨੂੰ ਕਿਸਾਨ ਅੰਦੋਲਨ ਵਿੱਚ ਡਟੇ ਕਿਸਾਨੀ ਵੀਰਾਂ ਨੂੰ ਵੰਡਿਆ ਗਿਆ ਹੈ।
ਦਸ ਦਈਏ ਕਿ ਇਹ ਮਦਦ ਦੁਬਈ ਵਿੱਚ ਰਹਿੰਦੇ ਹਰਮੀਕ ਸਿੰਘ ਵੱਲੋਂ ਭੇਜੀ ਗਈ ਹੈ। ਉਹਨਾਂ ਨੇ ਐਨਜੀਓ ਬਣਾਈ ਹੋਈ ਹੈ ਜਿਸ ਦਾ ਨਾਮ ਬਾਕਸ ਆਫ਼ ਹੋਪ ਹੈ। ਹਮਰੀਕ ਭਾਰਤ ਤੋਂ ਹਨ ਅਤੇ ਪਿਛਲੇ 17 ਸਾਲਾਂ ਤੋਂ ਦੁਬਈ ਵਿੱਚ ਰਹਿੰਦੇ ਹਨ ਜੋ ਕਿ ਅਪਣੀ ਮਿੱਟੀ ਨਾਲ ਜੁੜੇ ਹੋਏ ਹਨ।
ਉਹਨਾਂ ਦਾ ਕਹਿਣਾ ਹੈ ਕਿ ਜੇ ਕਿਸੇ ਨੂੰ ਦੁੱਖ ਹੈ ਤਾਂ ਮੈਂ ਖੜ੍ਹਾ ਹਾਂ। ਉਹ ਅੱਜ ਵੀ ਅਪਣ ਦੇਸ਼ ਲਈ ਸੋਚਦੇ ਹਨ। ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਦਾ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ‘ਤੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕਿਸਾਨ ਚਾਹੁੰਦੇ ਹਨ ਕਿ ਕੇਂਦਰ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲਵੇ।
ਜਦਕਿ ਸਰਕਾਰ ਇਨ੍ਹਾਂ ਕਾਨੂੰਨਾਂ ‘ਚ ਸੋਧ ਕਰਨ ਨੂੰ ਤਿਆਰ ਹੈ। ਕਿਸਾਨ ਅਤੇ ਸਰਕਾਰ ਵਾਲੇ 6ਦੌਰ ਦੀ ਗੱਲਬਾਤ ਹੋ ਚੁੱਕੀ ਹੈ, ਜੋ ਕਿ ਬੇਸਿੱਟਾ ਰਹੀ ਹੈ। ਸਰਕਾਰ ਵਲੋਂ ਕੋਈ ਹੱਲ ਨਾ ਨਿਕਲਦਾ ਵੇਖ ਕੇ ਕਿਸਾਨਾਂ ਨੇ ਆਪਣਾ ਅੰਦੋਲਨ ਹੋਰ ਤੇਜ਼ ਕਰ ਦਿੱਤਾ ਹੈ।
