ਕਿਸਾਨਾਂ ਦੀ ਟਰੈਕਟਰ ਰੈਲੀ ਦੇ ਐਲਾਨ ਨੇ ਹਰਿਆਣਾ ਪੁਲਿਸ ਨੂੰ ਪਾਈਆਂ ਭਾਜੜਾਂ

26 ਜਨਵਰੀ ਯਾਨੀ ਗਣਤੰਤਰ ਦਿਵਸ ਮੌਕੇ ਕਿਸਾਨ ਅੰਦੋਲਨ ਅਤੇ ਟਰੈਕਟਰ ਪਰੇਡ ਕੱਢਣ ਦੀ ਖ਼ਬਰ ਤੋਂ ਬਾਅਦ ਹਰਿਆਣਾ ਪੁਲਿਸ ਨੇ ਅਗਲੇ ਹੁਕਮਾਂ ਤੱਕ ਉਹਨਾਂ ਦੇ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ। ਪੁਲਿਸ ਨੇ ਇਹ ਵੀ ਕਿਹਾ ਹੈ ਕਿ ਕਿਸਾਨ ਅੰਦੋਲਨ ਦੇ ਮੱਦੇਨਜ਼ਰ ਰਾਜ ਵਿੱਚ ਐਮਰਜੈਂਸੀ ਛੁੱਟੀ ਨੂੰ ਛੱਡ ਕੇ ਸਾਰੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ।

ਇਹ ਹਦਾਇਤਾਂ ਵੀਰਵਾਰ ਨੂੰ ਜਾਰੀ ਕੀਤੀਆਂ ਗਈਆਂ ਹਨ। ਨਾਲ ਹੀ ਪੁਲਿਸ ਨੇ ਰੈਲੀ ਲਈ ਕੇਐਮਪੀ ਦਾ ਤਰੀਕਾ ਸੁਝਾਇਆ ਹੈ ਪਰ ਪੁਲਿਸ ਦੇ ਇਸ ਸੁਝਾਅ ਨੂੰ ਕਿਸਾਨ ਮੰਨਣ ਲਈ ਤਿਆਰ ਨਹੀਂ। ਕਿਸਾਨ ਆਪਣੀਆਂ ਗੱਲਾਂ ‘ਤੇ ਅੜੇ ਹਨ।
ਟਰੈਕਟਰ ਰੈਲੀ ਮੌਕੇ ਕਿਸਾਨ ਆਗੂ ਯੋਗੇਂਦਰ ਯਾਦਵ ਨੇ ਸਪੱਸ਼ਟ ਕੀਤਾ ਕਿ ਰੈਲੀ 26 ਜਨਵਰੀ ਨੂੰ ਦਿੱਲੀ ਦੇ ਅੰਦਰ ਆਯੋਜਿਤ ਕੀਤੀ ਜਾਏਗੀ। ਵੀਰਵਾਰ ਨੂੰ ਹੋਈ ਬੈਠਕ ਵਿਚ ਸਪੈਸ਼ਲ ਸੀਪੀ ਇੰਟੈਲੀਜੈਂਸ ਦੀਪਇੰਦਰ ਪਾਠਕ, ਸਪੈਸ਼ਲ ਸੀਪੀ ਲਾਅ ਐਂਡ ਆਰਡਰ ਸੰਜੇ ਸਿੰਘ, ਜੁਆਇੰਟ ਸੀ ਪੀ ਐਸ ਐਸ ਯਾਦਵ ਸਮੇਤ ਹਰਿਆਣਾ ਅਤੇ ਉੱਤਰ ਪ੍ਰਦੇਸ਼ ਪੁਲਿਸ ਦੇ ਅਧਿਕਾਰੀ ਮੌਜੂਦ ਸੀ।
ਇਸ ਤੋਂ ਪਹਿਲਾਂ ਮੰਗਲਵਾਰ ਅਤੇ ਬੁੱਧਵਾਰ ਨੂੰ ਵੀ ਕਿਸਾਨ ਨੇਤਾਵਾਂ ਦਰਮਿਆਨ ਪੁਲਿਸ ਨਾਲ ਮੁਲਾਕਾਤ ਬੇਨਤੀਜਾ ਰਹੀ ਸੀ। ਦੱਸ ਦਈਏ ਕਿ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨ 26 ਜਨਵਰੀ ਨੂੰ ਦਿੱਲੀ ਵਿਚ ਆਊਟਰ ਰਿੰਗ ਰੋਡ ‘ਤੇ ਟਰੈਕਟਰ ਰੈਲੀ ਕਰਨ ਦੀ ਤਿਆਰੀ ਕਰ ਰਹੇ ਹਨ।
ਇਸ ਦੇ ਨਾਲ ਹੀ ਵੀਰਵਾਰ ਨੂੰ ਟਰੈਕਟਰ ਪਰੇਡ ਨੂੰ ਲੈ ਕੇ ਪੁਲਿਸ ਅਤੇ ਕਿਸਾਨਾਂ ਦਰਮਿਆਨ ਤੀਜੀ ਗੇੜ ਦੀ ਮੀਟਿੰਗ ਵੀ ਬੇਸਿੱਟਾ ਰਹੀ। ਕਿਸਾਨ ਚਾਹੁੰਦੇ ਹਨ ਕਿ 26 ਜਨਵਰੀ ਨੂੰ ਰਾਜਧਾਨੀ ਦਿੱਲੀ ਦੇ ਆਊਟਰ ਰਿੰਗ ਰੋਡ ‘ਤੇ ਟਰੈਕਟਰ ਪਰੇਡ ਕੀਤੀ ਜਾਵੇ, ਜਦੋਂ ਕਿ ਪੁਲਿਸ ਦਾ ਕਹਿਣਾ ਹੈ ਕਿ ਤੁਸੀਂ ਟਰੈਕਟਰ ਪਰੇਡ ਨੂੰ ਦਿੱਲੀ ਦੇ ਅੰਦਰ ਨਹੀਂ, ਬਾਹਰ ਲਿਜਾਓ।
