News

ਕਿਸਾਨਾਂ ਦਾ ਮੋਦੀ ਸਰਕਾਰ ਨੂੰ ਅਲਟੀਮੇਟਮ, ਖੇਤੀ ਕਾਨੂੰਨ ਵਾਪਸ ਲਓ

ਭਾਜਪਾ ਦੀ ਮੋਦੀ ਸਰਕਾਰ ਵੱਲੋਂ ਰਾਜ ਸਭਾ ਵਿੱਚ ਪਾਸ ਕਰਵਾਏ ਗਏ ਖੇਤੀ ਆਰਡੀਨੈਂਸਾਂ ਦੇ ਵਿਰੋਧ ਵਿੱਚ ਅੱਜ ਪੂਰਾ ਦੇਸ਼ ਸੜਕਾਂ ਤੇ ਆ ਗਿਆ ਹੈ। ਸਾਰੇ ਸੂਬਿਆਂ ਦੇ ਲੋਕ ਦਿੱਲੀ ਵੱਲ ਕੂਚ ਕਰ ਰਹੇ ਹਨ। ਕਿਸਾਨ ਜੱਥੇਬੰਦੀਆਂ ਨੇ ਇੱਕ ਵਾਰ ਫਿਰ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ ਜਦੋਂ ਤਕ ਤਿੰਨੇ ਨਵੇਂ ਖੇਤੀ ਕਾਨੂੰਨ ਵਾਪਸ ਨਹੀਂ ਲਏ ਜਾਂਦੇ ਉਹਨਾਂ ਦਾ ਅੰਦੋਲਨ ਖ਼ਤਮ ਨਹੀਂ ਹੋਵੇਗਾ ਅਤੇ ਭਾਰਤ ਵੀ 8 ਦਸੰਬਰ ਨੂੰ ਬੰਦ ਰਹੇਗਾ।

ਕਿਸਾਨ ਆਗੂਆਂ ਨੇ ਐਤਵਾਰ ਨੂੰ ਪ੍ਰੈਸ ਕਾਨਫਰੰਸ ਵਿੱਚ ਇਹ ਸਾਰੀ ਜਾਣਕਾਰੀ ਦਿੱਤੀ ਸੀ। ਇਹ ਕਾਨਫਰੰਸ ਦਿੱਲੀ ਦੇ ਸਿੰਘੂ ਬਾਰਡਰ ਤੇ ਹੋਈ ਸੀ। ਕਿਸਾਨ ਜੱਥੇਬੰਦੀਆਂ ਨੇ ਸਰਕਾਰ ਨੂੰ ਜ਼ੋਰਦਾਰ ਸੰਦੇਸ਼ ਦਿੱਤਾ ਹੈ। ਕਿਸਾਨ ਜੱਥੇਬੰਦੀਆਂ ਨੇ 8 ਦਸੰਬਰ ਨੂੰ ਦੇਸ਼ ਵਿਆਪੀ ਐਲਾਨ ਕੀਤਾ ਅਤੇ 9 ਦਸੰਬਰ ਨੂੰ ਗੱਲਬਾਤ ਦਾ ਛੇਵਾਂ ਦੌਰ ਹੈ।

ਇਹਨਾਂ ਸੰਸਥਾਵਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਦਿੱਲੀ ਕੂਚ ਕਰਨ। ਉਹਨਾਂ ਕਿਹਾ ਕਿ ਕਿਸਾਨਾਂ ਨੇ ਹੁਣ ਤਕ ਮੋਦੀ ਦੀ ਮਨ ਕੀ ਬਾਤ ਸੁਣੀ ਹੈ ਪਰ ਮੋਦੀ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਦੇ ਮਨ ਕੀ ਬਾਤ ਸੁਣਨ। ਉੱਥੇ ਹੀ ਕਿਸਾਨ ਆਗੂ ਜਗਮੋਹਨ ਨੇ ਕਿਹਾ ਕਿ ਕਿਸਾਨ ਨੇਤਾਵਾਂ ਵਿੱਚ ਵਿਚਾਰ ਵਟਾਂਦਰੇ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ ਕਿ ਉਹ ਮੰਗਾਂ ਤੇ ਸਮਝੌਤਾ ਨਹੀਂ ਕਰਨਗੇ।

ਕਿਸਾਨ ਆਗੂ ਬਲਦੇਵ ਸਿੰਘ ਨਿਹਾਲਗੜ ਨੇ ਕਿਹਾ ਕਿ ਇਹ ਅੰਦੋਲਨ ਸਿਰਫ ਪੰਜਾਬ ਦਾ ਹੀ ਨਹੀਂ ਹੈ। ਸਾਰੇ ਦੇਸ਼ ਦੇ ਕਿਸਾਨ ਇਸ ਵਿੱਚ ਸ਼ਾਮਲ ਹਨ। ਕਿਸਾਨਾਂ ਵੱਲੋਂ ਭਾਰਤ ਬੰਦ ਦੇ ਸੱਦੇ ਤੇ ਮੰਤਰੀਆਂ ਵਿੱਚ ਹਲਚਲ ਹੈ। ਬਲਦੇਵ ਸਿੰਘ ਨਿਹਾਲਗੜ ਨੇ ਦਸਿਆ ਕਿ ਭਾਰਤ 8 ਦਸੰਬਰ ਨੂੰ ਸਵੇਰ ਤੋਂ ਸ਼ਾਮ ਤਕ ਬੰਦ ਰਹੇਗਾ।

ਚੱਕਾ ਜਾਮ ਦੁਪਹਿਰ 3 ਵਜੇ ਤੱਕ ਰਹੇਗਾ। ਸੜਕ ਐਂਬੂਲੈਂਸਾਂ ਅਤੇ ਵਿਆਹ ਲਈ ਖੁੱਲ੍ਹੀ ਰਹੇਗੀ ਤੇ ਸ਼ਾਮਤਈ ਢੰਗ ਨਾਲ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਹਨਾਂ ਖਿਡਾਰੀਆਂ ਦੀ ਸ਼ਲਾਘਾ ਵੀ ਕੀਤੀ ਗਈ ਜਿਹਨਾਂ ਨੇ ਕਿਸਾਨਾਂ ਦੇ ਸਮਰਥਨ ਵਿੱਚ ਤਗਮਾ ਵਾਪਸ ਦੇਣ ਦਾ ਐਲਾਨ ਕੀਤਾ ਹੈ।

ਕਿਸਾਨਾਂ ਦੇ ਅੰਦੋਲਨ ਨੂੰ ਵਿਰੋਧੀ ਧਿਰ ਵਲੋਂ ਵੀ ਸਮਰਥਨ ਮਿਲਿਆ ਹੈ। ਕਾਂਗਰਸ, ਸ਼ਿਵ ਸੈਨਾ, ਝਾਰਖੰਡ ਮੁਕਤੀ ਮੋਰਚਾ, ਤੇਲੰਗਾਨਾ ਰਾਸ਼ਟਰ ਸੰਮਤੀ, ਖੱਬੀਆਂ ਪਾਰਟੀਆਂ ਸਮੇਤ ਕਈ ਵੱਡੀਆਂ ਰਾਜਨੀਤਿਕ ਪਾਰਟੀਆਂ ਨੇ ਕਿਸਾਨਾਂ ਦਾ ਸਮਰਥਨ ਕੀਤਾ ਹੈ।

ਸ਼ਿਵ ਸੈਨਾ ਨੇਤਾ ਸੰਜੇ ਰਾਉਤ ਨੇ ਟਵੀਟ ਕੀਤਾ ਕਿ ਸ਼ਿਵ ਸੈਨਾ ਦਾ ਦੇਸ਼ ਦੇ ਕਿਸਾਨਾਂ ਵਲੋਂ ਬੁਲਾਏ ਗਏ ਦੇਸ਼ ਵਿਆਪੀ ਬੰਦ ਲਈ ਸਮਰਥਨ! ਕਿਸਾਨ ਅੰਨਦਾਤਾ ਹੈ, ਇਸ ਲਈ ਉਨ੍ਹਾਂ ਪ੍ਰਤੀ ਸਾਡੀ ਨੈਤਿਕ ਜ਼ਿੰਮੇਵਾਰੀ ਵਜੋਂ, ਦੇਸ਼ ਦੇ ਲੋਕਾਂ ਨੂੰ ਵੀ ਕਿਸਾਨ ਬੰਦ ਵਿੱਚ ਸਵੈ-ਇੱਛਾ ਨਾਲ ਹਿੱਸਾ ਲੈਣਾ ਚਾਹੀਦਾ ਹੈ।

ਸ਼ਿਵ ਸੈਨਾ 8 ਦਸੰਬਰ ਨੂੰ ਕਿਸਾਨਾਂ ਦੀਆਂ ਮੰਗਾਂ ਅਤੇ ਭਾਰਤ ਬੰਦ ਵਿਚ ਦੇ ਨਾਲ ਹੈ। ਜੈ ਹਿੰਦ! ਇਸ ਦੌਰਾਨ ਕਿਸਾਨਾਂ ਨੂੰ ਫਿਲਮ ਜਗਤ ਅਤੇ ਖੇਡ ਜਗਤ ਤੋਂ ਸਮਰਥਨ ਮਿਲ ਰਿਹਾ ਹੈ। ਕਈ ਖਿਡਾਰੀਆਂ ਨੇ ਆਪਣੇ ਐਵਾਰਡ ਵਾਪਸ ਕਰਨ ਦੀ ਗੱਲ ਕੀਤੀ ਹੈ। ਇਸ ਦੇ ਨਾਲ ਹੀ ਕਈ ਸਿਤਾਰੇ ਵਾਰ-ਵਾਰ ਸਰਕਾਰ ਨੂੰ ਅਪੀਲ ਕਰ ਰਹੇ ਹਨ ਕਿ ਉਹ ਕਿਸਾਨਾਂ ਦੀ ਮੰਗ ਦਾ ਕੋਈ ਹੱਲ ਲੱਭਣ।

Click to comment

Leave a Reply

Your email address will not be published. Required fields are marked *

Most Popular

To Top