ਕਿਸਾਨਾਂ ਦਾ ਐਲਾਨ, 8 ਅਕਤੂਬਰ ਤੱਕ ਰਹੇਗਾ ‘ਰੇਲ ਰੋਕੋ ਅੰਦੋਲਨ’

ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਹੈ। ਰੇਲ ਰੋਕੋ ਅੰਦੋਲਨ ਲਗਾਤਾਰ 13ਵੇਂ ਦਿਨ ਵੀ ਜਾਰੀ ਹੈ। ਕੁੱਝ ਤਸਵੀਰਾਂ ਅੰਮ੍ਰਿਤਸਰ ਦੇ ਪਿੰਡ ਦੇਵੀਦਾਸਪੁਰਾ ਤੋਂ ਸਾਹਮਣੇ ਆਈਆਂ ਹਨ ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਹੱਥਾਂ ‘ਚ ਮੋਮਬੱਤੀਆਂ ਫੜ ਕੇ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ।

ਵੱਡੀ ਗਿਣਤੀ ‘ਚ ਕਿਸਾਨਾਂ ਵੱਲੋਂ ਰੇਲ ਲਾਈਨ ‘ਤੇ ਮੋਮਬੱਤੀਆਂ ਵੀ ਜਗਾਈਆਂ ਜਾ ਰਹੀਆਂ ਹਨ। ਇਸੇ ਦੌਰਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੋਰੋਨਾ ਨੂੰ ਭਜਾਉਣ ਲਈ ਮੋਮਬੱਤੀਆਂ ਜਗਾਈਆ ਗਈਆਂ ਸੀ ਪਰ ਕਿਸਾਨਾਂ ਵੱਲੋਂ ਕਾਰਪੋਰੇਟ ਘਰਾਣਿਆਂ ਨੂੰ ਪੰਜਾਬ ‘ਚੋਂ ਭਜਾਉਣ ਲਈ ਮੋਮਬੱਤੀਆਂ ਜਗਾਈਆ ਗਈਆ ਹਨ।
ਇਹ ਵੀ ਪੜ੍ਹੋ: ਮੁਸਲਿਮ ਭਾਈਚਾਰੇ ਨੇ ਧਰਨੇ ’ਤੇ ਬੈਠੇ ਕਿਸਾਨਾਂ ਲਈ ਕੀਤੀ ਲੰਗਰ ਦੀ ਸੇਵਾ
ਪ੍ਰਦਰਸ਼ਨ ਦੌਰਾਨ ਕਿਸਾਨਾਂ ਵੱਲੋਂ ਕਾਰਪੋਰੇਟ ਘਰਾਣਿਆਂ ਦੀਆਂ ਵਸਤਾਂ ਦਾ ਬਾਈਕਾਟ ਕਰਨ ਲਈ ਪੰਜਾਬ ਵਾਸੀਆਂ ਨੂੰ ਸੱਦਾ ਵੀ ਦਿੱਤਾ ਗਿਆ। ਪੰਜਾਬ ‘ਚ ਰਾਹੁਲ ਗਾਂਧੀ ਵੱਲੋਂ ਕੀਤੀ ਜਾ ਰਹੀ ਟਰੈਕਟਰ ਰੈਲੀ ‘ਤੇ ਭੜਕਦਿਆਂ ਕਮੇਟੀ ਪ੍ਰਧਾਨ ਨੇ ਕਿਹਾ ਕਿ ਰਾਹੁਲ ਗਾਂਧੀ ਵੱਲੋਂ ਦਿੱਲੀ ਨੂੰ ਘੇਰਨ ਦੀ ਲੋੜ ਸੀ।
ਇਹ ਵੀ ਪੜ੍ਹੋ: ਕਿਸਾਨ ਪਰੇਸ਼ਾਨ, MSP ਤੋਂ 1000 ਰੁਪਏ ਘਟ ਰੇਟ ’ਤੇ ਹੋ ਰਹੀ ਹੈ ਨਰਮੇ ਦੀ ਖਰੀਦ
ਇੱਥੋਂ ਤੱਕ ਕਿ ਰਾਹੁਲ ਗਾਂਧੀ ਵੱਲੋਂ ਖੇਤੀ ਕਾਨੂੰਨਾਂ ਖਿਲਾਫ਼ ਲੋਕ ਸਭਾ ਅਤੇ ਰਾਜ ਸਭਾ ‘ਚ ਵੀ ਕੋਈ ਵਿਰੋਧ ਨਹੀਂ ਕੀਤਾ ਗਿਆ ਹੈ। ਉਹਨਾਂ ਇਲਜ਼ਾਮ ਲਾਇਆ ਕਿ ਰਾਹੁਲ ਗਾਂਧੀ ਪੰਜਾਬ ‘ਚ ਆਪਣੀਆਂ ਉਖੜੀਆਂ ਜੜ੍ਹਾਂ ਨੂੰ ਲਗਾਉਣ ਲਈ ਰੈਲੀ ਕਰ ਰਹੇ ਹਨ ਅਤੇ ਕਾਂਗਰਸ ਵੱਲੋਂ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
ਦੱਸ ਦਈਏ ਕਿ ਕਿਸਾਨ ਜੱਥੇਬੰਦੀਆਂ ਵੱਲੋਂ ਰੇਲ ਰੋਕੋ ਅੰਦੋਲਨ ਨੂੰ 8 ਅਕਤੂਬਰ ਤੱਕ ਵਧਾ ਦਿੱਤਾ ਗਿਆ। ਹੋਰ ਤਾਂ ਹੋਰ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਲਗਾਤਾਰ ਤਿੱਖਾਂ ਸੰਘਰਸ਼ ਵਿੱਢਣ ਦੀ ਗੱਲ ਆਖੀ ਜਾ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਕਿਸਾਨ ਸੰਘਰਸ਼ ਦੀ ਰੂਪ ਰੇਖਾ ਬਦਲ ਸਕਦੀ ਹੈ ਪਰ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਲੜੀ ਜਾ ਰਹੀ ਲੜਾਈ ਲਗਾਤਰ ਜਾਰੀ ਰਹੇਗੀ।
