ਕਿਸਾਨਾਂ ਦਾ ਐਲਾਨ, 12 ਦਸੰਬਰ ਨੂੰ ਵਿਧਾਇਕਾਂ ਤੇ ਮੰਤਰੀਆਂ ਦੇ ਘਰਾਂ ਦਾ ਘਿਰਾਓ ਕਰਨਗੇ ਕਿਸਾਨ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ 26 ਨਵੰਬਰ ਤੋਂ ਡੀਸੀ ਦਫ਼ਤਰਾਂ ਤੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਅਤੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦੀ ਅਗਵਾਹੀ ਵਿੱਚ ਸ਼ੁਰੂ ਹੋਏ ਲੰਬੇ ਸਮੇਂ ਦੇ ਮੋਰਚੇ ਤੀਜੇ ਹਫ਼ਤੇ ਵਿੱਚ ਦਾਖਿਲ ਹੋ ਗਏ ਹਨ।
ਕਿਸਾਨ ਆਗੂਆਂ ਨੇ ਕਿਹਾ ਕਿ ਦਸੰਬਰ 12 ਨੂੰ ਪੰਜਾਬ ਭਰ ਵਿੱਚ ਸਰਕਾਰ ਦੇ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਦੇ ਘਿਰਾਓ ਕੀਤੇ ਜਾਣਗੇ ਜਿਸ ਦੇ ਚਲਦੇ ਅੰਮ੍ਰਿਤਸਰ ਵੱਲੋਂ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਜਰ ਦੇ ਘਰ ਦਾ ਘਿਰਾਓ ਕੀਤਾ ਜਾਵੇਗਾ, ਜਿਸ ਦੀਆਂ ਕਿ ਤਿਆਰੀਆਂ ਪਿੰਡ-ਪਿੰਡ ਮੀਟਿੰਗਾਂ ਕਰਵਾ ਕੇ, ਲੋਕਾਂ ਨੂੰ ਮੁੱਦਿਆਂ ਪ੍ਰਤੀ ਅਤੇ ਸਰਕਾਰ ਦੇ ਟਾਲਮਟੋਲ ਵਾਲੇ ਰਵਈਏ ਪ੍ਰਤੀ ਜਾਗਰੂਕ ਕਰਕੇ, ਵੱਡੇ ਪੱਧਰ ਤੇ ਕੀਤੀਆਂ ਜਾ ਰਹੀਆਂ ਹਨ।
ਉਹਨਾਂ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਨੇ ਬਦਲਾਅ ਦੇ ਨਾਮ ਤੇ ਵੋਟਾਂ ਲੈ ਕੇ ਪਹਿਲੇ ਦੀਆਂ ਸਰਕਾਰਾਂ ਵਾਂਗ ਕਾਰਪੋਰੇਟ ਪੱਖੀ ਨੀਤੀ ਪੋਲਿਸੀ ਤੇ ਹੀ ਕੰਮ ਕਰ ਰਹੀ ਹੈ। ਕਾਨੂੰਨ ਵਿਵਸਥਾ ਤੇ ਸਰਕਾਰ ਦਾ ਕੋਈ ਕੰਟਰੋਲ ਨਹੀਂ ਹੈ।
ਗੁਜਰਾਤ ਅਤੇ ਹਿਮਾਚਲ ਵਿੱਚ ਹੋਈ ਹਾਰ ਇਸ ਗੱਲ ਨੂੰ ਸਾਬਿਤ ਕਰਦੀ ਹੈ ਕਿ ਉਹਨਾਂ ਦਾ ਪੰਜਾਬ ਵਿੱਚ ਬਦਲਾਅ ਦੇ ਨਾਅਰੇ ਦੀ ਅਸਲੀਅਤ ਲੋਕ ਸਮਝ ਚੁੱਕੇ ਹਨ ਅਤੇ ਨਿਰਾਸ਼ ਹੋ ਕੇ ਉਹਨਾਂ ਪੁਰਾਣੀਆਂ ਪਾਰਟੀਆਂ ਨੂੰ ਹੀ ਚੁਣ ਲਿਆ ਹੈ ਜੋ ਕਿ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਨਾਲ ਕੀਤੇ ਜਾ ਰਹੇ ਧੋਖੇ ਦਾ ਪ੍ਰਣਾਮ ਹੈ।
ਉਹਨਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਪੰਜਾਬ ਦਾ ਕਰਜ਼ਾ ਪਹਿਲਾਂ ਵਾਂਗ ਹੀ ਵਧ ਰਿਹਾ ਹੈ। ਕਿਸਾਨ ਮਜ਼ਦੂਰ ਆਗੂਆਂ ਨੇ ਪੂਰੇ ਪੰਜਾਬ ਦੇ ਜੱਥੇਬੰਦਕ ਤੇ ਗੈਰਜਥੇਬੰਦ ਪਿੰਡਾਂ ਨੂੰ ਅਪੀਲ ਕੀਤੀ ਕਿ ਇਹ ਸਭ ਦੇ ਸਾਂਝੇ ਤੇ ਜ਼ਰੂਰੀ ਮਸਲੇ ਹਨ।