ਕਿਸਾਨਾਂ ਜੱਥੇਬੰਦੀਆਂ ਦਾ ਬਿਆਨ, ਸਿੰਘੂ ਬਾਰਡਰ ਘਟਨਾ ਨਾਲ ਕੋਈ ਵਾਸਤਾ ਨਹੀਂ, ਮੁਲਜ਼ਮਾਂ ਨੂੰ ਮਿਲੇ ਸਜ਼ਾ

ਦਿੱਲੀ ਵਿੱਚ ਸਿੰਘੂ ਬਾਰਡਰ ਤੇ ਨਿਹੰਗ ਸਿੰਘਾਂ ਵੱਲੋਂ ਇੱਕ ਨੌਜਵਾਨ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰਨ ਦੀ ਹਰ ਪਾਸੇ ਨਿਖੇਧੀ ਕੀਤੀ ਜਾ ਰਹੀ ਹੈ। ਇਸ ਘਟਨਾ ਨੂੰ ਭਾਜਪਾ ਆਗੂਆਂ ਲਗਾਤਾਰ ਕਿਸਾਨ ਅੰਦੋਲਨ ਤੇ ਉਂਗਲਾਂ ਚੁੱਕੀਆਂ ਜਾ ਰਹੀਆਂ ਹਨ। ਕਿਸਾਨ ਅੰਦੋਲਨ ਤੇ ਉਂਗਲ ਚੁੱਕਣ ਨੂੰ ਲੈ ਕੇ ਹੁਣ ਸੰਯੁਕਤ ਕਿਸਾਨ ਮੋਰਚਾ ਨੇ ਬਿਆਨ ਵਿੱਚ ਕਿਹਾ ਕਿ, “ਅੱਜ ਸਵੇਰੇ ਸਿੰਘੂ ਮੋਰਚੇ ਤੇ ਪੰਜਾਬ ਦੇ ਇੱਕ ਵਿਅਕਤੀ (ਲਖਬੀਰ ਸਿੰਘ, ਪੁੱਤਰ ਦਰਸ਼ਨ ਸਿੰਘ, ਪਿੰਡ ਚੀਮਾ ਕਲਾ, ਥਾਨਾ ਸਰਾਏ ਅਮਾਨਤ ਖਾਨ, ਜ਼ਿਲ੍ਹਾ ਤਰਨਤਾਰਨ) ਦਾ ਅੰਗ ਭੰਗ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ।

ਇਸ ਘਟਨਾ ਲਈ ਇਕ ਨਿਹੰਗ ਸਮੂਹ ਨੇ ਜ਼ਿੰਮੇਵਾਰੀ ਲੈ ਲਈ ਹੈ ਅਤੇ ਇਹ ਕਿਹਾ ਹੈ ਕਿ ਉਸ ਵਿਅਕਤੀ ਵੱਲੋਂ ਸਰਬਉਚ ਗ੍ਰੰਥ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਦੇ ਕਾਰਨ ਕੀਤਾ ਗਿਆ। ਦੱਸ ਦੇਈਏ ਕਿ ਤਿੰਨ ਖੇਤੀ ਕਾਨੂੰਨਾਂ ਖਿਲਾਫ ਸਿੰਘੂ ਬਾਰਡਰ ਉੱਤੇ ਸੰਘਰਸ਼ ਕਰ ਰਹੇ ਕਿਸਾਨਾਂ ਦੀ ਸਟੇਜ ਨੇੜੇ ਇੱਕ ਨੋਜਵਾਨ ਦਾ ਨਿਹੰਗ ਸਿੰਘਾਂ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਇਸ ਨੌਜਵਾਨ ਦਾ ਹੱਥ ਕੱਟ ਕੇ ਲਾਸ਼ ਨੂੰ ਨੇੜੇ ਬੈਰੀਕੇਡ ਉੱਤੇ ਲਟਕਾ ਦਿੱਤੀ ਗਈ।
ਇੰਨਾ ਹੀ ਨਹੀਂ, ਨੌਜਵਾਨ ਦੀ ਲਾਸ਼ ਨੂੰ 100 ਮੀਟਰ ਤੱਕ ਘਸੀਟਿਆ ਗਿਆ। ਘਟਨਾ ਵੀਰਵਾਰ ਰਾਤ ਦੀ ਦੱਸੀ ਜਾ ਰਹੀ ਹੈ। ਕਿਸਾਨ ਮੋਰਚੇ ਦੇ ਆਗੂਆਂ ਬਲਬੀਰ ਸਿੰਘ ਰਾਜੇਵਾਲ, ਡਾ: ਦਰਸ਼ਨ ਪਾਲ, ਗੁਰਨਾਮ ਸਿੰਘ ਚਢੂੰਨੀ, ਹਨਨ ਮੌਲਾ, ਜਗਜੀਤ ਸਿੰਘ ਡੱਲੇਵਾਲ, ਜੋਗਿੰਦਰ ਸਿੰਘ ਉਗਰਾਹਾਂ, ਸ਼ਿਵਕੁਮਾਰ ਸ਼ਰਮਾ ‘ਕੱਕਾਜੀ’, ਯੁੱਧਵੀਰ ਸਿੰਘ ਅਤੇ ਯੋਗਿੰਦਰ ਯਾਦਵ ਵੱਲੋਂ ਜਾਰੀ ਬਿਆਨ ਵਿੱਚ ਅੱਗੇ ਕਿਹਾ ਗਿਆ, ”ਸੰਯੁਕਤ ਕਿਸਾਨ ਮੋਰਚਾ ਇਸ ਬੇਰਹਿਮ ਹੱਤਿਆ ਦੀ ਨਿਖੇਧੀ ਕਰਕੇ ਇਹ ਸਪੱਸ਼ਟ ਕਰਨਾ ਚਾਹੁੰਦਾ ਹੈ ਕਿ ਇਸ ਘਟਨਾ ਦੇ ਦੋਵੇਂ ਪੱਖਾਂ, ਇਸ ਨਿਹੰਗ ਸਮੂਹ,/ਗਰੁੱਪ ਜਾਂ ਮ੍ਰਿਤਕ ਵਿਅਕਤੀ, ਦਾ ਸੰਯੁਕਤ ਕਿਸਾਨ ਮੋਰਚੇ ਨਾਲ ਕੋਈ ਸਬੰਧ ਨਹੀਂ ਹੈ।
ਅਸੀਂ ਕਿਸੇ ਵੀ ਧਾਰਮਿਕ ਗ੍ਰੰਥ ਜਾਂ ਚਿੰਨ੍ਹ ਦੀ ਬੇਅਦਬੀ ਵਿਰੁੱਧ ਹਾਂ, ਪਰ ਇਸ ਆਧਾਰ ‘ਤੇ ਕਿਸੇ ਵੀ ਵਿਅਕਤੀ ਜਾਂ ਸਮੂਹ ਨੂੰ ਕਾਨੂੰਨ ਆਪਣੇ ਹੱਥਾਂ ਵਿੱਚ ਲੈਣ ਦੀ ਇਜਾਜ਼ਤ ਨਹੀਂ ਹੈ। ਅਸੀਂ ਇਹ ਮੰਗ ਕਰਦੇ ਹਾਂ ਕਿ ਇਸ ਕਤਲ ਅਤੇ ਬੇਅਦਬੀ ਦੀ ਸਾਜਿਸ਼ ਦੋ ਦੋਸ਼ ਦੀ ਜਾਂਚ ਕਰਕੇ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਜ਼ਾ ਦਿੱਤੀ ਜਾਵੇ। ਸੰਯੁਕਤ ਕਿਸਾਨ ਮੋਰਚਾ ਕਿਸੇ ਵੀ ਕਾਨੂੰਨੀ ਕਾਰਵਾਈ ਵਿੱਚ ਪੁਲਿਸ ਅਤੇ ਪ੍ਰਸ਼ਾਸਨ ਦਾ ਸਹਿਯੋਗ ਕਰੇਗਾ।” ਉਹਨਾਂ ਇਹ ਵੀ ਕਿਹਾ ਕਿ ਉਨ੍ਹਾਂ ਦਾ ਇਹ ਲੋਕਤੰਤਰਿਕ ਅਤੇ ਸ਼ਾਂਤਮਈ ਢੰਗ ਨਾਲ ਚੱਲ ਰਿਹਾ ਅੰਦੋਲਨ ਕਿਸੇ ਵੀ ਹਿੰਸਾ ਦਾ ਵਿਰੋਧ ਕਰਦਾ ਹੈ।
