ਕਾਂਗਰਸ ਨੇ ਐਗਜ਼ਿਟ ਪੋਲ ਨੂੰ ਕੀਤਾ ਖਾਰਜ, ਸਾਰੇ ਐਗਜ਼ਿਟ ਪੋਲ ਗਲਤ ਹਨ: ਵੇਰਕਾ

ਪੰਜਾਬ ਵਿਧਾਨ ਸਭਾ ਦੇ ਐਗਜ਼ਿਟ ਪੋਲ ’ਚ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਨਜ਼ਰ ਆ ਰਹੀ ਹੈ। ਪਰ ਕਾਂਗਰਸ ਨੇ ਪੰਜਾਬ ਵਿਧਾਨ ਸਭਾ ਦੇ ਐਗਜ਼ਿਟ ਪੋਲ ਨੂੰ ਖਾਰਜ ਕਰ ਦਿੱਤਾ ਹੈ। ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਰਾਜ ਕੁਮਾਰ ਵੇਰਕਾ 7 ਮਾਰਚ ਨੂੰ ਆਏ ਐਗਜ਼ਿਟ ਪੋਲ ਬਾਰੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਕਾਂਗਰਸ ਪੰਜਾਬ ਵਿੱਚ ਜਿੱਤ ਰਹੀ ਹੈ।
)
ਵੇਰਕਾ ਨੇ ਕਿਹਾ ਕਿ ਕਾਂਗਰਸ ਮਾਲਵਾ ਵਿੱਚ 30, ਮਾਝਾ ਵਿੱਚ 15 ਤੇ ਦੋਆਬਾ ਵਿੱਚ 15 ਸੀਟਾਂ ਜਿੱਤ ਕੇ ਸਰਕਾਰ ਬਣਾ ਰਹੀ ਹੈ। ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਸਾਰੇ ਐਗਜ਼ਿਟ ਪੋਲ ਗਲਤ ਹਨ। ਇਹਨਾਂ ਦੀ ਕੋਈ ਭਰੋਸੇਯੋਗਤਾ ਨਹੀਂ ਹੈ। ਕਾਂਗਰਸ ਪਾਰਟੀ ਪੰਜਾਬ ਦੇ ਨਾਲ ਹੀ ਉੱਤਰਾਖੰਡ ਤੇ ਗੋਆ ਵਿੱਚ ਸਰਕਾਰ ਬਣਾਏਗੀ।
ਵੇਰਕਾ ਨੇ ਆਪਣੇ ਅੰਕੜੇ ਨੂੰ ਅਸਲ ਕਹਿੰਦਿਆਂ ਦਾਅਵਾ ਕੀਤਾ ਕਿ ਇਹ ਅੰਕੜਾ ਵਧੇਗਾ ਪਰ ਘਟੇਗਾ ਨਹੀਂ। ਉਹਨਾਂ ਕਿਹਾ ਕਿ ਜ਼ਮੀਨੀ ਹਕੀਕਤ ਕਿਸੇ ਵੀ ਮੀਡੀਆ ਕੋਲ ਨਹੀਂ ਹੈ। ਵੱਖ-ਵੱਖ ਚੈਨਲਾਂ ਦੇ ਵੱਖ-ਵੱਖ ਐਗਜ਼ਿਟ ਪੋਲ ਹਨ ਜਿਹਨਾਂ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਦੱਸ ਦਈਏ ਕਿ ਮੀਡੀਆ ਰਿਪੋਰਟਾਂ ਮੁਤਾਬਕ 117 ਮੈਂਬਰੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ 51-61, ਕਾਂਗਰਸ ਨੂੰ 22-28, ਅਕਾਲੀ ਦਲ + 20-26 ਅਤੇ ਭਾਜਪਾ ਗਠਜੋੜ ਨੂੰ 7-13 ਸੀਟਾਂ ਮਿਲਣ ਦੀ ਉਮੀਦ ਹੈ।
