ਕਾਂਗਰਸ ਕਮੇਟੀ ਨੇ ਪੰਜਾਬ ‘ਚ ਹਾਰ ਲਈ ਨਵਜੋਤ ਸਿੰਘ ਸਿੱਧੂ ਤੇ ਪਰਿਵਾਰ ਦੇ ਸਿਰ ਫੋੜਿਆ ਭਾਂਡਾ

ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਜਿੱਥੇ ਆਮ ਆਦਮੀ ਪਾਰਟੀ ਨੂੰ ਬੰਪਰ ਜਿੱਤ ਮਿਲੀ ਹੈ ਉੱਥੇ ਹੀ ਕਾਂਗਰਸ ਨੂੰ ਬੁਰੀ ਤਰ੍ਹਾਂ ਹਾਰ ਦਾ ਮੂੰਹ ਵੇਖਣਾ ਪਿਆ ਹੈ। ਕਾਂਗਰਸ ਜੀ-23 ਦੇ ਲੀਡਰਾਂ ਗੁਲਾਮ ਨਬੀ ਆਜ਼ਾਦ ਅਤੇ ਅਜੈ ਮਾਕਨ ਨੇ ਕਿਹਾ ਕਿ ਪਾਰਟੀ ਹਾਈਕਮਾਨ ਦੇ ਕੈਪਟਨ ਅਮਰਿੰਦਰ ਸਿੰਘ ਦੀ ਥਾਂ ਚਰਨਜੀਤ ਸਿੰਘ ਚੰਨੀ ਨੂੰ ਸੂਬੇ ਦਾ ਪ੍ਰਧਾਨ ਬਣਾਉਣ ਦਾ ਫ਼ੈਸਲਾ ਜਾਇਜ਼ ਸੀ ਪਰ ਕਿਹਾ ਕਿ ਫ਼ੈਸਲਾ ਦੇਰੀ ਨਾਲ ਹੋਇਆ। ਉਹਨਾਂ ਕਿਹਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣ ਦਾ ਫ਼ੈਸਲਾ ਸਹੀ ਸੀ।
ਪੰਜਾਬ ਸਕਰੀਨਿੰਗ ਕਮੇਟੀ ਦੇ ਚੇਅਰਮੈਨ ਅਜੈ ਮਾਕਨ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਚੋਣ ਹਾਰ ਨੂੰ ਲੈ ਕੇ ਮੀਟਿੰਗ ਦੌਰਾਨ ਆਲੋਚਨਾ ਵੀ ਕੀਤੀ। ਕਾਂਗਰਸ ਵਰਕਿੰਗ ਕਮੇਟੀ ਦੀ 4 ਘੰਟੇ ਚੱਲੀ ਮੀਟਿੰਗ ਵਿੱਚ ਪੰਜਾਬ ਚੋਣਾਂ ਵਿੱਚ ਹੋਈ ਹਾਰ ਨੂੰ ਲੈ ਕੇ ਵਿਸਥਾਰਪੂਰਵਕ ਵਿਚਾਰ ਵਟਾਂਦਰਾ ਕੀਤਾ ਗਿਆ। ਆਜ਼ਾਦ ਨੇ ਕਿਹਾ ਕਿ ਕੈਪਟਨ ਤੋਂ ਨਾ ਸਿਰਫ਼ ਪੰਜਾਬ ਦੇ ਵਿਧਾਇਕ ਦੁਖੀ ਹਨ ਸਗੋਂ ਪਾਰਟੀ ਵੀ ਉਸ ਦੇ ਵਧਦੇ ਨਵਾਬੀ ਰਵੱਈਏ ਤੋਂ ਖੁਸ਼ ਨਹੀਂ ਸੀ।

ਪੰਜਾਬ ਚੋਣਾਂ ‘ਚ ਮਿਲੀ ਕਰਾਰੀ ਹਾਰ ਦੀ ਰਿਪੋਰਟ ਦਿੰਦੇ ਹੋਏ ਮਾਕਨ ਨੇ ਸਿੱਧੂ ‘ਤੇ ਨਿਸ਼ਾਨਾ ਸਾਧਦਿਆਂ ਕਿਹਾ “ਜਦੋਂ ਪਾਰਟੀ ਚੰਨੀ ਸਰਕਾਰ ਵੇਲੇ ਬਿਜਲੀ ਬਿੱਲਾਂ ‘ਚ ਰਾਹਤ ਦੇ ਫੈਸਲੇ ‘ਤੇ ਕੰਮ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਸਿੱਧੂ ਦੇ ਬਿਆਨਾਂ ਨੇ ਸਰਕਾਰ ਖ਼ਿਲਾਫ਼ ਮਾਹੌਲ ਪੈਦਾ ਕੀਤਾ।”
ਉਨ੍ਹਾਂ ਆਪਣੀ ਰਿਪੋਰਟ ਵਿੱਚ ਚੰਨੀ ਨੂੰ ਸੂਬੇ ਦਾ ਮੁੱਖ ਮੰਤਰੀ ਬਣਾਉਣ ਦੇ ਪਾਰਟੀ ਦੇ ਫੈਸਲੇ ਤੋਂ ਬਾਅਦ ਸਿੱਧੂ ਦੀ ਪਤਨੀ ਵੱਲੋਂ ਦਿੱਤੇ ਬਿਆਨਾਂ ਦਾ ਵੀ ਜ਼ਿਕਰ ਕੀਤਾ ਹੈ। ਅਜੈ ਮਾਕਨ ਨੇ ਸੀਡਬਲਯੂਸੀ ਮੈਂਬਰਾਂ ਨੂੰ ਦੱਸਿਆ ਕਿ ਕਿਵੇਂ ਸਿੱਧੂ ਦੀ ਪਤਨੀ ਨੇ ਪਾਰਟੀ ਦੇ ‘ਗਰੀਬ ਮੁੱਖ ਮੰਤਰੀ’ ਦੇ ਨਾਅਰੇ ਦੇ ਵਿਰੋਧ ਵਿੱਚ ਸਵਾਲ ਖੜ੍ਹੇ ਕੀਤੇ।
