ਕਸ਼ਮੀਰ ਚੋਣਾਂ ’ਤੇ ਭੜਕਿਆ ਪਾਕਿਸਤਾਨ, ਸ਼ਾਹ ਮੁਹੰਮਦ ਕੁਰੈਸ਼ੀ ਦਾ ਆਇਆ ਇਹ ਬਿਆਨ

ਜੰਮੂ ਕਸ਼ਮੀਰ ਵਿੱਚ ਵਿਧਾਨ ਸਭਾ ਚੋਣਾਂ ਦੇ ਜਲਦ ਆਯੋਜਨ ਨੂੰ ਲੈ ਕੇ ਪਾਕਿਸਤਾਨ ਭੜਕ ਗਿਆ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮੁਹੰਮਦ ਕੁਰੈਸ਼ੀ ਨੇ ਕਿਹਾ ਕਿ ਕਸ਼ਮੀਰ ਨੂੰ ਵੰਡਣ ਅਤੇ ਜਨਸੰਖਿਆ ਵਿੱਚ ਬਦਲਾਅ ਦੇ ਭਾਰਤ ਦੁਆਰਾ ਕੀਤੇ ਗਏ ਹਰ ਕਦਮ ਦਾ ਵਿਰੋਧ ਕਰੇਗਾ। ਕੂਰੈਸ਼ੀ ਦਾ ਇਹ ਬਿਆਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਜੰਮੂ-ਕਸ਼ਮੀਰ ਦੇ 14 ਰਾਜਨੇਤਾਵਾਂ ਨੂੰ 24 ਜੂਨ ਨੂੰ ਇੱਕ ਬੈਠਕ ਦਾ ਸੱਦਾ ਦੇਣ ਤੋਂ ਬਾਅਦ ਆਇਆ ਹੈ।

ਇਸ ਬੈਠਕ ਵਿੱਚ ਇਸ ਨਵੇਂ ਬਣੇ ਕੇਂਦਰ ਸ਼ਾਸਤ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਲਈ ਬਲੂਪ੍ਰਿੰਟ ਦਾ ਫੈਸਲਾ ਲਿਆ ਜਾ ਸਕਦਾ ਹੈ। ਪਾਕਿਸਤਾਨ ਵਿਦੇਸ਼ ਕਾਰਜਕਾਲ ਮੁਤਾਬਕ ਕੁਰੈਸ਼ੀ ਨੇ ਕਿਹਾ ਕਿ ਭਾਰਤ ਨੂੰ 5 ਅਗਸਤ 2019 ਦੀ ਅਪਣੀ ਕਾਰਵਾਈ ਤੋਂ ਬਾਅਦ ਕਸ਼ਮੀਰ ਵਿੱਚ ਕੋਈ ਹੋਰ ਕਦਮ ਚੁੱਕਣ ਤੋਂ ਬਚਣਾ ਚਾਹੀਦਾ ਹੈ। ਉਹਨਾਂ ਅੱਗੇ ਕਿਹਾ ਕਿ ਪਾਕਿਸਤਾਨ ਨੇ ਭਾਰਤ ਦੇ 5 ਅਗਸਤ 2019 ਦੇ ਕਦਮ ਦਾ ਪੂਰੀ ਤਰ੍ਹਾਂ ਵਿਰੋਧ ਕੀਤਾ ਹੈ ਅਤੇ ਇਸ ਮਾਮਲੇ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਸਮੇਤ ਸਾਰੇ ਅੰਤਰਰਾਸ਼ਟਰੀ ਪੱਧਰ ’ਤੇ ਚੁੱਕਿਆ ਹੈ।
ਪਾਕਿਸਤਾਨ ਭਾਰਤ ਦੇ ਅਜਿਹੇ ਕਿਸੇ ਵੀ ਕਦਮ ਦਾ ਵਿਰੋਧ ਕਰੇਗਾ ਜਿਹੜਾ ਖੇਤਰ ਦੀ ਜਨਸੰਖਿਆ ਨੂੰ ਬਦਲਣ ਲਈ ਜੰਮੂ ਕਸ਼ਮੀਰ ਦੀ ਵੰਡ ਕਰਨ ਵਾਲਾ ਹੋਵੇਗਾ। ਦੱਸ ਦਈਏ ਕਿ ਕੇਂਦਰ ਸਰਕਾਰ ਇਸ ਮਹੀਨੇ 24 ਜੂਨ ਨੂੰ ਜੰਮੂ-ਕਸ਼ਮੀਰ ਦੀਆਂ ਸਾਰੀਆਂ ਖੇਤਰੀ ਪਾਰਟੀਆਂ ਨਾਲ ਬੈਠਕ ਕਰੇਗੀ। ਸਰਕਾਰ ਇਹ ਕਦਮ ਕੇਂਦਰਸ਼ਾਸਿਤ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਕਰਾਉਣ ਸਮੇਤ ਰਾਜਨੀਤਿਕ ਪ੍ਰਕਿਰਿਆਵਾਂ ਨੂੰ ਵਧਾਵਾ ਦੇਣ ਨੂੰ ਪਹਿਲ ਤਹਿਤ ਚੁੱਕ ਰਹੀ ਹੈ।
ਇੱਕ ਅਧਿਕਾਰੀ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਕਿ ਕੇਂਦਰੀ ਗ੍ਰਹਿ ਸਕੱਤਰ ਅਜੈ ਭੱਲਾ ਨੇ ਸ਼ਨੀਵਾਰ ਨੂੰ ਜੰਮੂ-ਕਸ਼ਮੀਰ ਵਿੱਚ ਵੱਖ-ਵੱਖ ਦਲਾਂ ਦੇ ਵੱਖ-ਵੱਖ ਰਾਜਨੀਤਿਕ ਆਗੂਆਂ ਨੂੰ ਫੋਨ ਕਰ ਕੇ ਉਹਨਾਂ ਨੂੰ ਅਗਲੇ ਹਫ਼ਤੇ ਹੋਣ ਵਾਲੀ ਪੀਐਮ ਮੋਦੀ ਦੀ ਬੈਠਕ ਲਈ ਸੱਦਾ ਦਿੱਤਾ ਹੈ। ਸੂਤਰਾਂ ਮੁਤਾਬਕ ਇਸ ਸਾਂਝੀ ਬੈਠਕ ਲਈ ਨੈਸ਼ਨਲ ਕਾਨਫਰੰਸ ਪ੍ਰਧਾਨ ਫਾਰੁਖ ਅਬਦੁਲਾ, ਪੀਡੀਪੀ ਪ੍ਰਧਾਨ ਮਹਿਬੂਬਾ ਮੁਫਤੀ, ਜੰਮੂ-ਕਸ਼ਮੀਰ ਅਪਣੀ ਪਾਰਟੀ ਦੇ ਅਲਤਾਫ਼ ਬੁਖਾਰੀ ਅਤੇ ਪੀਪਲਜ਼ ਕਾਨਫਰੰਸ ਦੇ ਸਯਾਦ ਲੋਨ ਨੂੰ ਅੱਜ ਇਸ ਸਰਬ ਪਾਰਟੀ ਮੀਟਿੰਗ ਲਈ ਰਸਮੀ ਸੱਦੇ ਭੇਜੇ ਜਾਣਗੇ।
ਇਸ ਬੈਠਕ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਅਮਿਤ ਸ਼ਾਹ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਵੀ ਸ਼ਾਮਲ ਹੋਣਗੇ। ਕੁਝ ਦਿਨ ਪਹਿਲਾਂ ਪਾਕਿਸਤਾਨ ਸਰਕਾਰ ’ਤੇ ਰਸਮੀ ਬਿਆਨ ਜਾਰੀ ਕਰ ਕੇ ਕਸ਼ਮੀਰ ਵਿੱਚ ਕਿਸੇ ਵੀ ਬਦਲਾਅ ਦੇ ਇਰਾਦੇ ’ਤੇ ਅਪਣਾ ਵਿਰੋਧ ਜਤਾਇਆ ਸੀ।
