ਕਰਨਾਲ ‘ਚ ਕਰਨਗੇ ਕਿਸਾਨ ਧਮਾਕਾ, ਪਰ ਹਰਿਆਣਾ ਸਰਕਾਰ ਨੇ ਕੀਤੇ ਹੁਕਮ ਜਾਰੀ

ਬੀਤੇ ਕੱਲ੍ਹ ਮੁਜ਼ੱਫਰਨਗਰ ‘ਚ ਕਿਸਾਨਾਂ ਦੀ ਵਿਸ਼ਾਲ ਰੈਲੀ ਹੋਈ ਹੈ। ਇਸ ਦੌਰਾਨ ਇੱਕ ਪਾਸੇ ਜਿੱਥੇ ਕਿਸਾਨਾਂ ਦੇ ਹੌਂਸਲੇ ਬੁਲੰਦ ਦੇਖਣ ਨੂੰ ਮਿਲੇ। ਉੱਥੇ ਹੀ ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ 7 ਸਤੰਬਰ ਨੂੰ ਕਰਨਾਲ ਦੀ ਦਾਣਾ ਮੰਡੀ ‘ਚ ਕਿਸਾਨ ਮਹਾਂਪੰਚਾਇਤ ਕੀਤੀ ਜਾਵੇਗੀ ਜਿਸ ਨੂੰ ਲੈ ਕੇ ਹੁਣ ਕਰਨਾਲ ‘ਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਪ੍ਰਸ਼ਾਸਨ ਵੱਲੋਂ 5 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ ਅਤੇ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਕਿ, “ਕਿਸੇ ਵੀ ਕੀਮਤ ‘ਤੇ ਕਰਨਾਲ ‘ਚ ਮਾਹੌਲ ਖ਼ਰਾਬ ਨਹੀਂ ਹੋਣ ਦਿੱਤਾ ਜਾਵੇਗਾ।”

ਦੱਸ ਦਈਏ ਕਿ ਪਿਛਲੇ ਦਿਨੀਂ ਕਰਨਾਲ ‘ਚ ਮੁੱਖ ਮੰਤਰੀ ਖੱਟੜ ਦਾ ਵਿਰੋਧ ਕਰ ਰਹੇ ਕਿਸਾਨਾਂ ‘ਤੇ ਅੰਨ੍ਹੇਵਾਹ ਲਾਠੀਚਾਰਜ ਕੀਤਾ ਗਿਆ ਜਿਸ ਕੁੱਝ ਕਿਸਾਨ ਗੰਭੀਰ ਜ਼ਖਮੀ ਹੋਏ ਅਤੇ ਕਰਨਾਲ ‘ਚ ਕਿਸਾਨਾਂ ‘ਤੇ ਕੀਤੇ ਗਏ ਲਾਠੀਚਾਰਜ ਦੀ ਦੇਸ਼ ਭਰ ‘ਚ ਨਿੰਦਾ ਕੀਤੀ ਗਈ। ਦੱਸ ਦਈਏ ਕਿ ਕਿਸਾਨਾਂ ‘ਤੇ ਲਾਠੀਚਾਰਜ ਕਰਨ ਤੋਂ ਪਹਿਲਾ ਇੱਥੋਂ ਦੇ ਐੱਸਡੀਐਮ ਆਯੂਸ਼ ਸਿਨ੍ਹਾ ਨੇ ਪੁਲਿਸ ਨੂੰ ਹੁਕਮ ਦਿੱਤੇ ਸੀ ਕਿ, “ਜੇ ਕਿਸਾਨਾਂ ਵੱਲੋਂ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਦੇ ਸਿਰ ਫੋੜ ਦਿੱਤੇ ਜਾਣ।”
ਐਸਡੀਐਮ ਦੀ ਇਹ ਵਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਵੀ ਹੋਈ ਜਿਸ ਤੋਂ ਬਾਅਦ ਕਿਸਾਨਾਂ ਨੇ ਮੰਗ ਕੀਤੀ ਸੀ ਕਿ ਐਸਡੀਐਮ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਦੱਸ ਦਈਏ ਕਿ ਕਿਸਾਨਾਂ ਨੇ ਹਰਿਆਣਾ ਸਰਕਾਰ ਨੂੰ 6 ਸੰਤਬਰ ਐਸਡੀਐਮ ‘ਤੇ ਕਾਰਵਾਈ ਕਰਨ ਦਾ ਸਮਾਂ ਦਿੱਤਾ ਸੀ। ਉਹਨਾਂ ਕਿਹਾ ਸੀ ਕਿ “ਜੇਕਰ ਐਸਡੀਐਮ ‘ਤੇ ਕਾਰਵਾਈ ਨਾ ਹੋਈ ਤਾਂ ਉਹਨਾਂ ਵੱਲੋਂ ਵੱਡਾ ਪ੍ਰਦਰਸ਼ਨ ਕੀਤਾ ਜਾਵੇਗਾ।”
