ਖੰਨਾ: ਕੋਰੋਨਾ ਦੇ ਚਲਦੇ ਲੋਕਾਂ ਨੂੰ ਸਰਕਾਰ ਵੱਲੋਂ ਸਮੇਂ-ਸਮੇਂ ਤੇ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ। ਇੱਥੋਂ ਤਕ ਕਿ ਵਿਆਹਾਂ ਤੇ ਹੋਰ ਸਮਾਗਮਾਂ ਨੂੰ ਲੈ ਕੇ ਵੀ ਹੁਕਮ ਜਾਰੀ ਕੀਤੇ ਜਾਂਦੇ ਹਨ। ਲਾਕਡਾਊਨ ਵਿਚ ਬਹੁਤ ਸਾਰੇ ਲੋਕਾਂ ਦੇ ਵਿਆਹ ਹੋਏ ਹਨ। ਵਿਆਹਾਂ ਨੂੰ ਲੈ ਕੇ ਸਰਕਾਰ ਵੱਲੋਂ ਕਿਹਾ ਗਿਆ ਸੀ ਕਿ ਵਿਆਹ ਵਿਚ ਸ਼ਾਮਲ ਹੋਣ ਵਾਲੇ ਲੋਕਾਂ ਦੀ ਗਿਣਤੀ ਘਟ ਤੋਂ ਘਟ ਹੋਵੇ। ਹੁਣ ਖੰਨਾ ਵਿਚ ਇਕ ਅਜਿਹਾ ਵਿਆਹ ਹੋਇਆ ਹੈ ਜਿਸ ਦੇ ਚਾਰੇ ਪਾਸੇ ਚਰਚੇ ਹੋ ਰਹੇ ਹਨ। ਖੰਨਾ ਦੇ ਪਿੰਡ ਹੋਲ ਵਿਚ ਵਿਆਹ ਦੌਰਾਨ ਪਰਿਵਾਰ ਦੇ 5 ਮੈਂਬਰ ਹੀ ਬਾਰਾਤ ਲੈ ਕੇ ਗਏ ਸਨ ਅਤੇ ਬਿਨਾਂ ਦਾਜ ਲਏ ਕੁੜੀ ਵਿਆਹ ਲਿਆਏ।
ਵਿਆਹ ਦਾ ਜਿਹੜਾ ਖਰਚ ਬਚਿਆ ਸੀ ਉਹਨਾਂ ਨਾਲ ਪੂਰੇ ਪਿੰਡ ਵਿਚ ਕੋਰੋਨਾ ਤੋਂ ਲੋਕਾਂ ਨੂੰ ਬਚਾਉਣ ਲਈ ਮਾਸਕ, ਸੈਨੇਟਾਈਜ਼ਰ ਅਤੇ 300 ਪਰਿਵਾਰਾਂ ਨੂੰ ਸੂਟ ਅਤੇ ਮਠਿਆਈਆਂ ਵੰਡੀਆਂ ਗਈਆਂ। ਉੱਥੇ ਹੀ ਪਰਿਵਾਰ ਅਤੇ ਵਿਆਹੇ ਜੋੜੇ ਦਾ ਕਹਿਣਾ ਹੈ ਕਿ ਉਹ ਬਿਲਕੁੱਲ ਸਾਦੇ ਢੰਗ ਨਾਲ ਵਿਆਹ ਕਰਵਾਉਣਾ ਚਾਹੁੰਦੇ ਸਨ। ਇਸ ਤਰ੍ਹਾਂ ਉਹਨਾਂ ਦਾ ਵੀ ਭਲਾ ਹੋਇਆ ਹੈ ਤੇ ਪਿੰਡ ਵਾਸੀਆਂ ਦਾ ਵੀ। ਉਹਨਾਂ ਫ਼ੈਸਲਾ ਕੀਤਾ ਕਿ ਪਿੰਡ ਵਾਸੀਆਂ ਨੂੰ ਮਾਸਕ, ਸੈਨੇਟਾਈਜ਼ਰ ਅਤੇ ਮਠਿਆਈਆਂ ਵੰਡਣ ਵਿਚ ਉਹਨਾਂ ਨੂੰ ਜੋ ਖੁਸ਼ੀ ਮਿਲੀ ਹੈ ਉਸ ਦੀ ਕੋਈ ਰੀਸ ਨਹੀਂ ਹੈ। ਇਸ ਦੇ ਨਾਲ ਹੀ ਉਹਨਾਂ ਨੇ ਹੋਰਨਾਂ ਲੋਕਾਂ ਨੂੰ ਵੀ ਇਹੀ ਸੁਨੇਹਾ ਦਿੱਤਾ ਹੈ ਕਿ ਉਹ ਵੀ ਸਾਦੇ ਵਿਆਹ ਕਰਨ ਤਾਂ ਜੋ ਲੜਕੀ ਦੇ ਪਰਿਵਾਰ ਤੇ ਕਰਜ਼ਾ ਨਾ ਚੜ੍ਹੇ।
