ਓਲੰਪਿਕ ਖੇਡਾਂ ਦੇ ਪੰਜਾਬੀ ਖਿਡਾਰੀਆਂ ਨੂੰ ਪੰਜਾਬ ਸਰਕਾਰ ਵੱਲੋਂ ਕੀਤਾ ਜਾਵੇਗਾ ਸਨਮਾਨਤ

ਹਾਲ ਹੀ ਵਿੱਚ ਟੋਕਿਓ ਓਲੰਪਿਕ ਖੇਡਾਂ 2020 ਹੋਈਆਂ ਹਨ। ਇਹਨਾਂ ਖੇਡਾਂ ਵਿੱਚ ਹੋਰਨਾਂ ਸੂਬਿਆਂ ਅਤੇ ਦੇਸ਼ਾਂ ਦੇ ਨਾਲ-ਨਾਲ ਪੰਜਾਬ ਦੇ ਖਿਡਾਰੀਆਂ ਨੇ ਵੀ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਟੋਕਿਓ ਓਲੰਪਿਕ ਵਿੱਚ ਕਾਂਸੀ ਦਾ ਤਮਗਾ ਜੇਤੂ ਪੁਰਸ਼ ਹਾਕੀ ਟੀਮ ਅਤੇ ਹੋਰਨਾਂ ਖੇਡਾਂ ਵਿੱਚ ਪੰਜਾਬ ਦੀ ਨੁਮਾਇੰਦਗੀ ਕਰਨ ਵਾਲੇ ਪੰਜਾਬੀ ਖਿਡਾਰੀਆਂ ਨੂੰ ਨਗਦ ਇਨਾਮ ਨਾਲ ਸਨਮਾਨਤ ਕਰਨ ਲਈ 12 ਅਗਸਤ ਨੂੰ ਚੰਡੀਗੜ੍ਹ ਵਿੱਚ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ।

ਇਸ ਸਮਾਗਮ ਦੌਰਾਨ ਪੰਜਾਬ ਦੇ ਖਿਡਾਰੀਆਂ ਅਤੇ ਜੈਵਲਿਨ ਥ੍ਰੋਅ ਵਿੱਚ ਸੋਨ ਤਮਗਾ ਜਿੱਤਣ ਵਾਲੇ ਨੀਰਜ ਚੋਪੜਾ ਨੂੰ ਕੁੱਲ 32.67 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਨਾਲ ਸਨਮਾਨਿਆ ਜਾਵੇਗਾ। ਇਸ ਦੀ ਜਾਣਕਾਰੀ ਸੂਬੇ ਦੇ ਖੇਡ ਮੰਤਰੀ ਨੇ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤੀ ਹੈ। ਖੇਡ ਮੰਤਰੀ ਨੇ ਦੱਸਿਆ ਕਿ, “ਖਿਡਾਰੀਆਂ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਨਮਾਨਤ ਕਰਨਗੇ ਜਦਕਿ ਪੰਜਾਬ ਦੇ ਰਾਜਪਾਲ ਸ੍ਰੀ ਵੀਪੀ ਸਿੰਘ ਬਦਨੌਰ ਵਿਸ਼ੇਸ਼ ਮਹਿਮਾਨ ਹੋਣਗੇ।” ਇਸ ਉਪਰੰਤ ਸਮੂਹ ਖਿਡਾਰੀਆਂ ਨੂੰ ਰਾਤ ਦੇ ਖਾਣੇ ਦੀ ਦਾਅਵਤ ਦਿੱਤੀ ਜਾਵੇਗੀ।
ਉਹਨਾਂ ਜਾਣਕਾਰੀ ਦਿੰਦਿਆਂ ਕਿਹਾ ਕਿ, ‘ਮੁੱਖ ਮੰਤਰੀ ਨੇ ਸੂਬੇ ਵਿੱਚ ਖੇਡਾਂ ਨੂੰ ਹੋਰ ਉਤਸ਼ਾਹਤ ਕਰਨ ਦੇ ਮੰਤਵ ਨਾਲ ਓਲੰਪਿਕ ਵਿੱਚ ਤਮਗਾ ਜੇਤੂ ਖਿਡਾਰੀਆਂ ਨੂੰ ਪਹਿਲਾਂ ਐਲਾਨੀ ਇਨਾਮੀ ਰਾਸ਼ੀ ਵਿੱਚ ਵੀ ਵਾਧਾ ਕਰ ਦਿੱਤਾ ਹੈ ਤਾਂ ਜੋ ਨਵੀਂ ਉਮਰ ਦੇ ਖਿਡਾਰੀਆਂ ਨੂੰ ਮੋਟੀਵੇਸ਼ਨ ਮਿਲ ਸਕੇ।” ਉਹਨਾਂ ਦੱਸਿਆ ਕਿ, “ਮੁੱਖ ਮੰਤਰੀ ਵੱਲੋਂ ਪੰਜਾਬ ਦਾ ਪਿਛੋਕੜ ਰੱਖਣ ਵਾਲੇ ਸੋਨ ਤਮਗਾ ਜੇਤੂ ਐਥਲੀਟ ਨੀਰਜ ਚੋਪੜਾ ਨੂੰ 2 ਕਰੋੜ ਰੁਪਏ ਦੀ ਰਾਸ਼ੀ ਨਾਲ ਸਨਮਾਨਤ ਕਰਨ ਦਾ ਐਲਾਨ ਕੀਤਾ ਗਿਆ ਪਰ ਹੁਣ ਨੀਰਜ ਨੂੰ 2.51 ਕਰੋੜ ਰੁਪਏ ਨਾਲ ਸਨਮਾਨਿਆ ਜਾਵੇਗਾ।” ਭਾਰਤੀ ਹਾਕੀ ਟੀਮ ਨੇ 41 ਸਾਲ ਬਾਅਦ ਓਲੰਪਿਕ ਖੇਡਾਂ ਵਿੱਚ ਤਮਗਾ ਜਿੱਤਿਆ ਹੈ ਜਿਸ ਵਿੱਚ ਕਪਤਾਨ ਤੇ ਉਪ ਕਪਤਾਨ ਸਮੇਤ ਸਭ ਤੋਂ ਵੱਧ ਖਿਡਾਰੀ ਪੰਜਾਬ ਦੇ ਸਨ।
ਭਾਰਤੀ ਹਾਕੀ ਟੀਮ ਵਿੱਚ 11 ਪੰਜਾਬੀ ਖਿਡਾਰੀਆਂ ਮਨਪ੍ਰੀਤ ਸਿੰਘ (ਕਪਤਾਨ), ਹਰਮਨਪ੍ਰੀਤ ਸਿੰਘ (ਉਪ ਕਪਤਾਨ), ਰੁਪਿੰਦਰ ਪਾਲ ਸਿੰਘ, ਸਿਮਰਨਜੀਤ ਸਿੰਘ, ਮਨਦੀਪ ਸਿੰਘ, ਗੁਰਜੰਟ ਸਿੰਘ, ਸ਼ਮਸ਼ੇਰ ਸਿੰਘ, ਵਰੁਣ ਕੁਮਾਰ, ਦਿਲਪ੍ਰੀਤ ਸਿੰਘ, ਹਾਰਦਿਕ ਸਿੰਘ ਤੇ ਕ੍ਰਿਸ਼ਨ ਪਾਠਕ ਨੂੰ 1-1 ਕਰੋੜ ਰੁਪਏ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਗਿਆ ਸੀ। ਪਰ ਹੁਣ ਐਲਾਨ ਰਾਸ਼ੀ ਵਿੱਚ ਵਾਧਾ ਕਰਦੇ ਹੋਏ ਹਰੇਕ ਖਿਡਾਰੀ ਨੂੰ 2.51 ਕਰੋੜ ਰੁਪਏ ਦੇ ਨਗਦ ਪੁਰਸਕਾਰ ਨਾਲ ਨਿਵਾਜਿਆ ਜਾਵੇਗਾ।
ਇਸ ਤੋਂ ਇਲਾਵਾ ਓਲੰਪਿਕ ਖੇਡਾਂ ਦੇ ਮਹਿਲਾ ਹਾਕੀ ਮੁਕਾਬਲਿਆਂ ਵਿੱਚ ਚੌਥੇ ਸਥਾਨ ਤੇ ਆ ਕੇ ਇਤਿਹਾਸ ਰਚਣ ਵਾਲੀ ਭਾਰਤੀ ਹਾਕੀ ਟੀਮ ਦੀਆਂ ਦੋ ਪੰਜਾਬੀ ਖਿਡਾਰਨਾਂ ਗੁਰਜੀਤ ਕੌਰ ਤੇ ਰੀਨਾ ਖੋਖਰ ਅਤੇ ਅਥਲੈਟਿਕਸ ਦੇ ਡਿਸਕਸ ਫਾਈਨਾਲ ਮੁਕਾਬਲੇ ਵਿੱਚ 6ਵਾਂ ਸਥਾਨ ਹਾਸਲ ਕਰਨ ਵਾਲੀ ਕਮਲਪ੍ਰੀਤ ਕੌਰ ਨੂੰ 50-50 ਲੱਖ ਰੁਪਏ ਨਾਲ ਸਨਮਾਨਿਤ ਕੀਤਾ ਜਾਵੇਗਾ। ਪੰਜਾਬ ਦੇ ਹੋਰਨਾਂ ਖਿਡਾਰੀਆਂ ਮੁੱਕੇਬਾਜ਼ ਸਿਮਰਨਜੀਤ ਕੌਰ, ਨਿਸ਼ਾਨੇਬਾਜ਼ ਅੰਜੁਮ ਮੌਦਗਿਲ ਤੇ ਅੰਗਦਵੀਰ ਸਿੰਘ ਅਤੇ ਅਥਲੀਟ ਤੇਜਿੰਦਰ ਪਾਲ ਸਿੰਘ ਤੂਰ ਤੇ ਗੁਰਪ੍ਰੀਤ ਸਿੰਘ ਅਤੇ ਪੈਰਾਲੰਪਿਕ ਵਿੱਚ ਹਿੱਸਾ ਲੈਣ ਜਾ ਰਹੀ ਬੈਡਮਿੰਟਨ ਖਿਡਾਰਨ ਪਲਕ ਕੋਹਲੀ ਨੂੰ 21-21 ਲੱਖ ਰੁਪਏ ਨਾਲ ਸਨਮਾਨਿਤ ਕੀਤਾ ਜਾਵੇਗਾ।
