ਓਮੀਕਰੋਨ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਇਹਨਾਂ ਸੂਬਿਆਂ ’ਚ ਲਾਗੂ ਹੋਇਆ ਨਾਈਟ ਕਰਫਿਊ

ਕੋਰੋਨਾ ਵਾਇਰਸ ਦੇ ਨਵੇਂ ਰੂਪ ਓਮੀਕ੍ਰੋਨ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਕਰਫਿਊ ਲਾਉਣ ਦਾ ਐਲਾਨ ਕੀਤਾ ਗਿਆ ਹੈ। ਸਰਕਾਰ ਲਗਾਤਾਰ ਕ੍ਰਿਸਮਸ ਅਤੇ ਨਵੇਂ ਸਾਲ ਦੇ ਜਸ਼ਨਾਂ ਵਿੱਚ ਸ਼ਾਮਲ ਨਾ ਹੋਣ ਦੀ ਅਪੀਲ ਕਰ ਰਹੀ ਹੈ। ਦੱਸ ਦਈਏ ਕਿ ਦੇਸ਼ ਵਿੱਚ ਹੁਣ ਤੱਕ ਓਮੀਕ੍ਰੋਨ ਦੇ 358 ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ ਇਹ ਰੂਪ ਲਗਾਤਾਰ ਫੈਲ ਰਿਹਾ ਹੈ।

ਮਹਾਰਾਸ਼ਟਰ ਵਿੱਚ ਅੱਜ ਰਾਤ 9 ਵਜੇ ਤੋਂ ਸਵੇਰੇ 6 ਵਜੇ ਤੱਕ ਰਾਤ ਦਾ ਕਰਫਿਊ ਲਗਾਉਣ ਦਾ ਹੁਕਮ ਜਾਰੀ ਕੀਤਾ ਗਿਆ ਹੈ। ਹੁਕਮਾਂ ਮੁਤਾਬਕ ਸੂਬੇ ਭਰ ਵਿੱਚ ਇੱਕ ਥਾਂ ‘ਤੇ 5 ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ‘ਤੇ ਪਾਬੰਦੀ ਰਹੇਗੀ। ਕੋਵਿਡ ਨਿਯਮਾਂ ਦੀ ਉਲੰਘਣਾ ਕਰਨ ‘ਤੇ 500 ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ। ਜੇਕਰ ਕਿਸੇ ਵੀ ਪ੍ਰੋਗਰਾਮ ਵਿੱਚ ਨਿਯਮਾਂ ਦੀ ਉਲੰਘਣਾ ਹੁੰਦੀ ਹੈ ਤਾਂ ਪ੍ਰਬੰਧਕ ਨੂੰ 50 ਹਜ਼ਾਰ ਦਾ ਜੁਰਮਾਨਾ ਭਰਨਾ ਪਵੇਗਾ।
ਉੱਤਰ ਪ੍ਰਦੇਸ਼ ਵਿੱਚ ਕੋਵਿਡ 19 ਦੇ ਮਾਮਲਿਆਂ ਵਿੱਚ ਵਾਧੇ ਦੇ ਮੱਦੇਨਜ਼ਰ ਸੂਬੇ ਵਿੱਚ ਰਾਤ ਦਾ ਕੋਰੋਨਾ ਕਰਫਿਊ 11 ਵਜੇ ਤੋਂ ਸਵੇਰੇ 5 ਵਜੇ ਤੱਕ ਲਾਗੂ ਰਹੇਗਾ। ਇਸ ਦੇ ਨਾਲ ਹੀ ਵਿਆਹ ਵਿੱਚ ਵੱਧ ਤੋਂ ਵੱਧ 200 ਲੋਕਾਂ ਦੀ ਸ਼ਮੂਲੀਅਤ ਦੀ ਆਗਿਆ ਹੈ।
ਅਹਿਮਦਾਬਾਦ, ਵਡੋਦਰਾ, ਸੂਰਤ, ਰਾਜਕੋਟ, ਭਾਵਨਗਰ, ਜਾਮਨਗਰ, ਗਾਂਧੀਨਗਰ ਅਤੇ ਜੂਨਾਗੜ੍ਹ ਵਿੱਚ ਰਾਤ ਦਾ ਕਰਫਿਊ ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ ਲਾਗੂ ਰਹੇਗਾ। ਇਹ ਜਾਣਕਾਰੀ ਮੁੱਖ ਮੰਤਰੀ ਦਫ਼ਤਰ ਨੇ ਦਿੱਤੀ ਹੈ।
ਹਰਿਆਣਾ ਵਿੱਚ ਵੀ ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਲਗਾ ਦਿੱਤਾ ਗਿਆ ਹੈ। ਇਸ ਦੌਰਾਨ ਆਵਾਜਾਈ ‘ਤੇ ਪਾਬੰਦੀ ਰਹੇਗੀ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਸੂਬੇ ਵਿੱਚ ਜਨਤਕ ਥਾਵਾਂ ‘ਤੇ 200 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ਅਤੇ ਹੋਰ ਪ੍ਰੋਗਰਾਮਾਂ ‘ਤੇ ਪਾਬੰਦੀ ਹੋਵੇਗੀ।
ਓਡੀਸ਼ਾ ਸਰਕਾਰ ਨੇ ਕ੍ਰਿਸਮਸ ਅਤੇ ਨਵੇਂ ਸਾਲ ਦੇ ਜਸ਼ਨਾਂ ‘ਤੇ ਪਾਬੰਦੀ ਲਗਾ ਅਤੇ 2 ਜਨਵਰੀ ਤੱਕ ਹੋਟਲਾਂ, ਕਲੱਬਾਂ, ਰੈਸਟੋਰੈਂਟਾਂ, ਪਾਰਕਾਂ ਵਿੱਚ ਸਮਾਜਿਕ ਇਕੱਠ, ਰੈਲੀਆਂ, ਜਸ਼ਨ ਮਨਾਉਣ ‘ਤੇ ਪਾਬੰਦੀ ਲਗਾਈ ਗਈ ਹੈ।
ਛੱਤੀਸਗੜ੍ਹ ਸਰਕਾਰ ਨੇ ਨਵੇਂ ਸਾਲ ‘ਤੇ ਆਯੋਜਿਤ ਧਾਰਮਿਕ, ਸਮਾਜਿਕ ਤਿਉਹਾਰਾਂ ਅਤੇ ਪ੍ਰੋਗਰਾਮਾਂ ‘ਚ ਸਖਤੀ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਹੁਣ ਸਿਰਫ਼ 50 ਫ਼ੀਸਦੀ ਲੋਕ ਹੀ ਸਮਾਗਮ ਵਿੱਚ ਸ਼ਾਮਲ ਹੋ ਸਕਦੇ ਹਨ।
ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਓਮੀਕ੍ਰੋਨ ਦੇ ਤੇਜ਼ੀ ਨਾਲ ਫੈਲਣ ਦੇ ਖਤਰੇ ਦੇ ਵਿਚਕਾਰ ਸਾਵਧਾਨੀ ਦੇ ਤੌਰ ‘ਤੇ ਵੀਰਵਾਰ ਨੂੰ ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ ਸੂਬੇ ‘ਚ ਰਾਤ ਦਾ ਕਰਫਿਊ ਲਗਾਉਣ ਦਾ ਫੈਸਲਾ ਕੀਤਾ ਹੈ।
