ਐਸਜੀਪੀਸੀ ਨੇ ਸਿੱਖ ਕੁੜੀ ਨਾਲ ਨਿਕਾਹ ਕਰਨ ਦੀ ਸਖ਼ਤ ਸ਼ਬਦਾਂ ’ਚ ਕੀਤੀ ਨਿਖੇਧੀ

 ਐਸਜੀਪੀਸੀ ਨੇ ਸਿੱਖ ਕੁੜੀ ਨਾਲ ਨਿਕਾਹ ਕਰਨ ਦੀ ਸਖ਼ਤ ਸ਼ਬਦਾਂ ’ਚ ਕੀਤੀ ਨਿਖੇਧੀ

ਪਾਕਿਸਤਾਨ ਵਿੱਚ ਸਿੱਖ ਕੁੜੀ ਨੂੰ ਅਗਵਾ ਕਰਕੇ ਉਸ ਨਾਲ ਨਿਕਾਹ ਕਰਨ ਦੀ ਘਟਨਾ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਹਨਾਂ ਕਿਹਾ ਕਿ ਇਹ ਘਟਗਿਣਤੀ ਸਿੱਖਾਂ ਨਾਲ ਵੱਡਾ ਅਨਿਆਂ ਹੈ, ਜਿਸ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ। ਉਹਨਾਂ ਕਿਹਾ ਕਿ ਪਾਕਿਸਤਾਨ ਵਿੱਚ ਅਜਿਹੀਆਂ ਸਿੱਖ ਵਿਰੋਧੀਆਂ ਗਤੀਵਿਧੀਆਂ ਲਗਾਤਾਰ ਜਾਰੀ ਹਨ, ਪਰ ਦੁੱਖ ਦੀ ਗੱਲ ਹੈ ਕਿ ਪਾਕਿਸਤਾਨ ਸਰਕਾਰ ਗੌਰ ਨਹੀਂ ਕਰ ਰਹੀ।

ਉਹਨਾਂ ਕਿਹਾ ਕਿ ਹਾਲੀਆ ਵਾਪਰੀ ਘਟਨਾ ਵਿੱਚ ਸਿੱਖ ਅਧਿਆਪਕਾ ਦੀਨਾ ਕੌਰ ਨੂੰ ਅਗਵਾ ਕਰਕੇ ਉਸ ਨਾਲ ਨਿਕਾਹ ਕੀਤੇ ਜਾਣ ਦੇ ਮਾਮਲੇ ਨੇ ਸਿੱਖ ਕੌਮ ਵਿੱਚ ਭਾਰੀ ਰੋਸ ਪੈਦਾ ਕੀਤਾ ਹੈ। ਇਹ ਘਟਨਾ ਧਰਮ ਦੀਆਂ ਕਦਰਾਂ-ਕੀਮਤਾਂ ਦੇ ਬਿਲਕੁੱਲ ਵਿਰੁੱਧ ਹੈ ਅਤੇ ਫਿਰਕੂ ਸੋਚ ਨੂੰ ਉਤਸ਼ਾਹਤ ਕਰਨ ਵਾਲੀ ਇਹ ਕਾਰਵਾਈ ਪਾਕਿਸਤਾਨ ਸਰਕਾਰ ਲਈ ਵੀ ਵੱਡਾ ਸਵਾਲ ਹੈ।

ਇਸ ਦੇ ਨਾਲ ਹੀ ਐਸਜੀਪੀਸੀ ਨੇ ਕਿਹਾ ਕਿ ਜੇ ਪਾਕਿਸਤਾਨ ਵਿੱਚ ਅਜਿਹੀਆਂ ਘਨਟਾਵਾਂ ਨਾ ਰੋਕੀਆਂ ਗਈਆਂ ਤਾਂ ਘੱਟ ਗਿਣਤੀ ਲੋਕਾਂ ਵਿੱਚ ਅਸੁਰੱਖਿਆ ਦੀ ਭਾਵਨਾ ਵਧੇਗੀ। ਇਸ ਸੰਜੀਦਾ ਮਾਮਲੇ ਪ੍ਰਤੀ ਭਾਰਤ ਸਰਕਾਰ ਨੂੰ ਵੀ ਨੋਟਿਸ ਲੈਣਾ ਚਾਹੀਦਾ ਹੈ।

ਉਹਨਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੂੰ ਅਪੀਲ ਕੀਤੀ ਕਿ ਉਹ ਕੂਟਨੀਤਿਕ ਪੱਧਰ ਤੇ ਇਸ ਘਟਨਾ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਤੇ ਕੁੜੀ ਨੂੰ ਉਸ ਦੇ ਪਰਿਵਾਰ ਕੋਲ ਸੁਰੱਖਿਅਤ ਪਹੁੰਚਾਉਣ ਲਈ ਕਾਰਵਾਈ ਅਮਲ ਵਿੱਚ ਲਿਆਉਣ। ਉਹਨਾਂ ਕਿਹਾ ਕਿ, ਪਾਕਿਸਤਾਨ ਵਿਚ ਸਿੱਖਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਦੇ ਮਾਮਲਿਆਂ ਨੂੰ ਲੈ ਕੇ ਦਿੱਲੀ ਸਥਿਤ ਪਾਕਿਸਤਾਨ ਸਫਾਰਤਖਾਨੇ ਦੇ ਮੁਖੀ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਪੱਤਰ ਵੀ ਲਿਖਿਆ ਜਾਵੇਗਾ।

Leave a Reply

Your email address will not be published.