ਐਮਐਲਏ ਗਿਆਸਪੁਰਾ ਨੇ ਸੀਐਮ ਮਾਨ ਕੋਲ ਕੀਤੀ ਐਸਐਸਪੀ ਦੀ ਸ਼ਿਕਾਇਤ, ਤਬਾਦਲੇ ਲਈ ਕੀਤੀ ਅਪੀਲ

ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਖੰਨਾ ਦੇ ਐਸਐਸਪੀ ਨੂੰ ਬਦਲਣ ਦੀ ਮੰਗ ਕੀਤੀ ਹੈ। ਉਹਨਾਂ ਨੇ ਇਸ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖੀ ਹੈ। ਉਹਨਾਂ ਨੇ ਪੁਲਿਸ ਤੇ ਸਰਕਾਰ ਦਾ ਅਕਸ ਖ਼ਰਾਬ ਕਰਨ ਦੇ ਇਲਜ਼ਾਮ ਲਾਏ ਹਨ। ਉਹਨਾਂ ਨੇ ਪੱਤਰ ਵਿੱਚ ਲਿਖਿਆ ਕਿ ਮੇਰੇ ਵਿਧਾਨ ਸਭਾ ਹਲਕਾ ਪਾਇਲ ਵਿੱਚ ਸਕਰੈਪ, ਨਸ਼ੇ ਤੇ ਚਾਇਨਾ ਡੋਰ ਦਾ ਕੰਮ ਪੁਲਿਸ ਦੀ ਸ਼ਹਿ ਤੇ ਧੜੱਲੇ ਨਾਲ ਚੱਲ ਰਿਹਾ ਹੈ।
ਇਸ ਸਬੰਧੀ ਮੇਰੇ ਵੱਲੋਂ ਕਈ ਵਾਰ ਐਸਐਸਪੀ ਖੰਨਾ ਤੇ ਪੁਲਿਸ ਵਿਭਾਗ ਦੇ ਬਾਕੀ ਸਬੰਧਿਤ ਅਫ਼ਸਰਾਂ ਨੂੰ ਕਾਰਵਾਈ ਕਰਨ ਲਈ ਕਿਹਾ ਗਿਆ ਹੈ ਪਰ ਉਹਨਾਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਐਸਐਚਓ ਦੋਰਾਹਾ ਵੱਲੋਂ, 50,000 ਰੁਪਏ ਰਿਸ਼ਵਤ ਲੈਣ ਦੇ ਸਬੂਤ ਵੀ ਦਿੱਤੇ ਗਏ। ਮੇਰੇ ਹਲਕੇ ਦੇ ਕਸਬਾ ਮਲੌਦ ਵਿੱਚ ਪਾਬੰਦੀਸ਼ੁਦਾ ਚਾਇਨਾ ਡੋਰ ਸ਼ਰੇਆਮ ਵਿੱਕ ਰਹੀ ਹੈ।
ਫਿਰ ਵੀ ਮਲੌਦ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਅੱਗੇ ਲਿਖਿਆ ਹੈ ਕਿ ਕੁਝ ਦਿਨ ਪਹਿਲਾਂ ਪਾਇਲ ਥਾਣੇ ਵਿੱਚ ਇੱਕ ਏਐਸਆਈ ਹਰਪਾਲ ਸਿੰਘ ਨੂੰ ਰੰਗੇ ਹੱਥੀਂ 5000 ਰੁਪਏ ਰਿਸ਼ਵਤ ਲੈਂਦੇ ਫੜਿਆ ਸੀ ਜਿਸ ਦੀ ਵੀਡੀਓ ਵੀ ਸਾਹਮਣੇ ਆਈ ਸੀ।
ਲਗਾਤਾਰ ਸਕਰੈਪ (ਕਬਾੜ) ਤੇ ਨਸ਼ਾ ਵਿਕਣ ਕਾਰਨ ਜਿੱਥੇ ਪੁਲਿਸ ਦੀ ਕਾਰਗੁਜਾਰੀ ਸ਼ੱਕ ਦੇ ਘੇਰੇ ਵਿੱਚ ਆ ਰਹੀ ਹੈ, ਉੱਥੇ ਹੀ ਸਰਕਾਰ ਖਿਲਾਫ ਇਲਾਕੇ ਦੇ ਲੋਕਾਂ ਵੱਲੋਂ ਸਵਾਲ ਚੁੱਕੇ ਜਾ ਰਹੇ ਹਨ ਜਿਸ ਨਾਲ ਸਰਕਾਰ ਦਾ ਅਕਸ ਖਰਾਬ ਹੋ ਰਿਹਾ ਹੈ। ਉਨ੍ਹਾਂ ਨੇ ਸੀਐਮ ਭਗਵੰਤ ਮਾਨ ਨੂੰ ਐਸਐਸਪੀ ਖੰਨਾ ਦੀ ਬਦਲੀ ਤੁਰੰਤ ਪ੍ਰਭਾਵ ਨਾਲ ਕਰਨ ਦੀ ਬੇਨਤੀ ਕੀਤੀ ਹੈ। ਉਹਨਾਂ ਕਿਹਾ ਕਿ, ਐਸਐਚਓ ਦੋਰਾਹਾ, ਐਸਐਚਓ ਮਲੌਦ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਹਲਕੇ ਵਿੱਚ ਹੋ ਰਹੇ ਸਕਰੈਪ (ਕਬਾੜ), ਨਸ਼ੇ ਤੇ ਚਾਇਨਾ ਡੋਰ ਦੇ ਧੰਦੇ ਨੂੰ ਰੋਕਿਆ ਜਾ ਸਕੇ।