ਐਨਐਚਐਮ ਦੇ ਕੱਚੇ ਮੁਲਾਜ਼ਮਾਂ ਨੇ ਮੁੱਖ ਮੰਤਰੀ ਮਾਨ ਦੇ ਸੰਗਰੂਰ ਨਿਵਾਸ ਦਾ ਕੀਤਾ ਘਿਰਾਓ  

 ਐਨਐਚਐਮ ਦੇ ਕੱਚੇ ਮੁਲਾਜ਼ਮਾਂ ਨੇ ਮੁੱਖ ਮੰਤਰੀ ਮਾਨ ਦੇ ਸੰਗਰੂਰ ਨਿਵਾਸ ਦਾ ਕੀਤਾ ਘਿਰਾਓ  

ਆਪਣੀਆਂ ਮੰਗਾਂ ਨੂੰ ਲੈ ਕੇ ਐਨਐਚਐਮ ਦੇ ਕੱਚੇ ਮੁਲਾਜ਼ਮਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਸੰਗਰੂਰ ਨਿਵਾਸ ਦਾ ਘਿਰਾਓ ਕੀਤਾ ਹੈ। ਇਹਨਾਂ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ। ਯੂਨੀਅਨ ਦੇ ਸੂਬਾ ਪ੍ਰਧਾਨ ਨੇ ਕਿਹਾ ਕਿ, ਪੰਜਾਬ ਸਰਕਾਰ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਬਹੁਤ ਵਾਅਦੇ ਕੀਤੇ ਜਾ ਰਹੇ ਹਨ, ਪਰ ਸਿਹਤ ਸੇਵਾਵਾਂ ਦੇਣ ਵਾਲੇ ਨੈਸ਼ਨਲ ਹੈਲਥ ਮਿਸ਼ਨ ਦੇ ਠੇਕਾ ਮੁਲਾਜ਼ਮਾਂ ਤੋਂ ਪੰਜਾਬ ਸਰਕਾਰ ਕਿਨਾਰਾ ਕਰਦੀ ਨਜ਼ਰ ਆ ਰਹੀ ਹੈ।

ਨੈਸ਼ਨਲ ਹੈਲਥ ਮਿਸ਼ਨ ਅਧੀਨ ਮੁਲਾਜ਼ਮ ਪਿਛਲੇ 15 ਸਾਲਾਂ ਤੋਂ ਕੰਮ ਕਰ ਰੇਹ ਹਨ, ਜਿਹਨਾਂ ਨਾਲ ਸਮੇਂ ਦੀਆਂ ਸਰਕਾਰਾਂ ਨੇ ਹਰ ਵਾਰ ਧੋਖਾ ਕੀਤਾ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚੋਣਾਂ ਦੌਰਾਨ ਨੈਸ਼ਨਲ ਹੈਲਥ ਮਿਸ਼ਨ ਮੁਲਾਜ਼ਮਾਂ ਨਾਲ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ ਤੇ ਪਹਿਲੀ ਕੈਬਨਿਟ ਵਿੱਚ ਹੀ ਯੋਗ ਪ੍ਰਣਾਲੀ ਰਾਹੀ ਭਰਤੀ ਹੋਏ ਸਮੂਹ ਐਨਐਚਐਮ ਮੁਲਾਜ਼ਮਾਂ ਨੂੰ ਪਹਿਲ ਦੇ ਆਧਾਰ ਤੇ ਰੈਗੂਲਰ ਕੀਤਾ ਜਾਵੇਗਾ, ਪ੍ਰੰਤੂ ਹੁਣ ਪੰਜਾਬ ਸਰਕਾਰ ਆਪਣੇ ਵਾਅਦੇ ਤੋਂ ਮੁਕਰਦੀ ਨਜ਼ਰ ਆ ਰਹੀ ਹੈ ਜਿਸ ਦੇ ਵਿਰੋਧ ਵਿੱਚ ਰੋਸ ਵਜੋਂ ਅੱਜ ਸੂਬੇ ਭਰ ਵਿੱਚ ਹਜ਼ਾਰਾਂ ਸਿਹਤ ਮੁਲਾਜ਼ਮਾਂ ਦੀ ਇੱਕ ਵਿਸ਼ਾਲ ਸੂਬਾ ਪੱਧਰੀ ਰੈਲੀ ਰੱਖੀ ਗਈ ਹੈ।

ਉਹਨਾਂ ਕਿਹਾ ਕਿ, ਪਿਛਲੇ ਹਫ਼ਤੇ ਵੀ ਮਿਤੀ 12 ਸਤੰਬਰ ਨੂੰ 12 ਤੋਂ 2 ਵਜੇ ਤੱਕ 2 ਘੰਟੇ ਲਈ ਮੁਕੱਮਲ ਤੌਰ ਤੇ ਕੰਮ ਬੰਦ ਕਰਕੇ ਜਿਲ੍ਹਾ ਪੱਧਰ ਤੇ ਪੰਜਾਬ ਸਰਕਾਰ ਦੀ ਅਰਥੀ ਫੂਕ ਅਤੇ ਰੋਸ਼ ਪ੍ਰਦਰਸ਼ਨ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਆਮ ਆਦਮੀ ਪਾਰਟੀ ਸਰਕਾਰ ਦੀ ਵਾਅਦਾ ਖਿਲਾਫੀ ਤੋਂ ਨਰਾਜ਼ ਆਪਣੇ ਰੋਸ ਪ੍ਰਦਰਸ਼ਨਾਂ ਦੇ ਤਹਿਤ ਅੱਜ ਨੈਸ਼ਨਲ ਹੈਲਥ ਮਿਸ਼ਨ ਦੇ ਮੁਲਾਜਮਾਂ ਵੱਲੋਂ ਸਰਕਾਰ ਦੇ ਖਿਲਾਫ਼ ਸੜਕਾਂ ਤੇ ਉਤਰਨ ਦਾ ਫੈਸਲਾ ਕੀਤਾ ਗਿਆ ਹੈ।

ਆਉਣ ਵਾਲੇ ਦਿਨਾਂ ਦੇ ਦੌਰਾਨ ਪੰਜਾਬ ਭਰ ਦੇ ਸਾਰੇ ਜਿਲਿਆਂ ਦੇ ਨੈਸ਼ਨਲ ਹੈਲਥ ਮਿਸ਼ਨ ਦੇ ਠੇਕਾ ਮੁਲਜ਼ਮਾਂ ਵੱਲੋਂ ਪੰਜਾਬ ਸਰਕਾਰ ਦੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਮੰਗ ਪੱਤਰ ਸੌਂਪੇ ਜਾਣਗੇ ਅਤੇ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤੇ ਜਾਣਗੇ।

Leave a Reply

Your email address will not be published.