News

ਐਨਆਰਆਈਜ਼ ਨੂੰ ਹਵਾਈ ਅੱਡੇ ’ਤੇ ਆਉਣ ਵਾਲੀਆਂ ਸਮੱਸਿਆਵਾਂ ਹੱਲ ਕਰਨ ਲਈ ਸਥਾਪਤ ਕੀਤੇ ਜਾਣਗੇ ਕੇਂਦਰ: ਪ੍ਰਗਟ ਸਿੰਘ

ਪੰਜਾਬ ਦੇ ਬਹੁਤ ਸਾਰੇ ਲੋਕ ਵਿਦੇਸ਼ਾਂ ਵਿੱਚ ਵਸਦੇ ਹਨ। ਵਿਦੇਸ਼ਾਂ ਵਿੱਚ ਰਹਿਣ ਵਾਲੇ ਪੰਜਾਬੀਆਂ ਨੂੰ ਵਤਨ ਪਰਤਣ ਸਮੇਂ ਹਵਾਈ ਅੱਡਿਆਂ ਤੇ ਕਈ ਸਮੱਸਿਆਵਾਂ ਵੀ ਆਉਂਦੀਆਂ ਹਨ। ਇਸ ਦੇ ਨਿਪਟਾਰੇ ਲਈ ਆਨਲਾਈਨ 24 ਘੰਟੇ ਚੱਲਣ ਵਾਲਾ ਇੱਕ ਕਾਲ ਸੈਂਟਰ ਸਥਾਪਤ ਕੀਤਾ ਜਾਵੇਗਾ। ਇਹਨਾਂ ਕਾਲ ਸੈਂਟਰਾਂ ਵਿੱਚ ਮਾਹਰਾਂ ਨੂੰ ਬਿਠਾਇਆ ਜਾਵੇਗਾ।

May be an image of 9 people, people sitting and people standing

ਇਹ ਗੱਲ ਪਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਪਰਗਟ ਸਿੰਘ ਨੇ ਪੰਜਾਬ ਸਿਵਲ ਸਕੱਤਰੇਤ ਸਥਿਤ ਆਪਣੇ ਦਫ਼ਤਰ ਵਿੱਚ ਵਿਭਾਗ ਨਾਲ ਸਬੰਧਤ ਕੰਮਾਂ ਦੀ ਸਮੀਖਿਆ ਲਈ ਸੱਦੀ ਮੀਟਿੰਗ ਦੌਰਾਨ ਕਹੀ। ਉਹਨਾਂ ਕਿਹਾ ਕਿ ਕਈ ਵਾਰ ਪ੍ਰਵਾਸੀਆਂ ਨੂੰ ਹਵਾਈ ਅੱਡੇ ਤੇ ਉਤਰਨ ਸਮੇਂ ਕਾਗਜ਼ੀ ਕਾਰਵਾਈਆਂ, ਤਕਨੀਕੀ ਕਾਰਨਾਂ ਜਾਂ ਕਿਸੇ ਗਲਤਫਹਿਮੀ ਨਾਲ ਰੋਕ ਲਿਆ ਜਾਂਦਾ ਹੈ ਜਿਸ ਨਾਲ ਉਹ ਘਬਰਾਅ ਜਾਂਦੇ ਹਨ ਅਤੇ ਆਪਣੇ ਦਸਤਾਵੇਜ਼ ਤੇ ਪਛਾਣ ਸਹੀ ਹੋਣ ਦੇ ਬਾਵਜੂਦ ਵੀ ਖੱਜਲ ਹੁੰਦੇ ਹਨ।

ਅਜਿਹੇ ਮਾਮਲਿਆਂ ਵਿੱਚ ਯਾਤਰੀਆਂ ਦੀ ਮੱਦਦ ਲਈ ਸੂਬਾ ਸਰਕਾਰ ਵੱਲੋਂ ‘ਕੁਇਕ ਰਿਸਪਾਂਸ ਸੈਂਟਰ’ ਸਥਾਪਤ ਕੀਤਾ ਜਾਵੇਗਾ ਜਿਹੜਾ ਕਿ 24 ਘੰਟੇ ਸਰਵਿਸ ਕਰੇਗਾ। ਪਰਗਟ ਸਿੰਘ ਨੇ ਅੱਗੇ ਕਿਹਾ ਕਿ ਕਈ ਪ੍ਰਵਾਸੀ ਆਪੋ-ਆਪਣੇ ਪਿੰਡਾਂ, ਸ਼ਹਿਰਾਂ ਵਿੱਚ ਖੇਡਾਂ, ਸਿੱਖਿਆ, ਸਿਹਤ ਆਦਿ ਖੇਤਰਾਂ ਵਿੱਚ ਨਿਵੇਸ਼ ਕਰਨ ਦੇ ਇਛੁੱਕ ਹੁੰਦੇ ਹਨ ਪਰ ਦੋਵਾਂ ਧਿਰਾਂ ਨੂੰ ਇਸ ਬਾਰੇ ਸਹੀ ਗਿਆਨ ਅਤੇ ਵਿਧੀ-ਵਿਧਾਨ ਨਾ ਹੋਣ ਕਰ ਕੇ ਇਸ ਨੂੰ ਅਮਲ ਵਿੱਚ ਨਹੀਂ ਲਿਆ ਸਕਦੇ।

ਵੱਖ-ਵੱਖ ਦੇਸ਼ਾਂ ਵਿੱਚ ਪੰਜਾਬ ਸਰਕਾਰ ਵੱਲੋਂ ਐਨਆਰਆਈਜ਼ ਦੀ ਸਹੂਲਤ ਲਈ ਤਾਇਨਾਤ ਕੋਆਰਡੀਨੇਟਰਾਂ ਨੂੰ ਹੋਰ ਮਜ਼ਬੂਤ ਕਰਨ ਲਈ ਵਿਦੇਸ਼ ਮੰਤਰਾਲੇ ਨਾਲ ਤਾਲਮੇਲ ਕਰਵਾ ਕੇ ਇਹਨਾਂ ਕੋਆਰਡੀਨੇਟਰਾਂ ਨੂੰ ਮਾਨਤਾ ਦਿਵਾਈ ਜਾਵੇਗੀ ਤਾਂ ਜੋ ਉਹ ਸਬੰਧਤ ਮੁਲਕਾਂ ਦੇ ਸਫਰਾਤਖਾਨਿਆਂ ਅਤੇ ਹਾਈ ਕਮਿਸ਼ਨ ਦਫ਼ਤਰਾਂ ਵਿੱਚ ਪ੍ਰਵਾਸੀਆਂ ਦੀ ਮੱਦਦ ਲਈ ਹੋਰ ਵੀ ਪ੍ਰਭਾਵਸ਼ਾਲੀ ਤਰੀਕੇ ਨਾਲ ਕੰਮ ਕਰ ਸਕਣ।

ਇਸ ਦੇ ਨਾਲ ਹੀ ਐਨਆਰਆਈਜ਼ ਨੂੰ ਜ਼ਮੀਨ/ਜਾਇਦਾਦ ਨਾਲ ਸਬੰਧਤ ਮਾਮਲਿਆਂ, ਪੁਲਿਸ ਨਾਲ ਸਬੰਧਤ ਫੌਜਦਾਰੀ, ਵਿਆਹ ਨਾਲ ਸਬੰਧਤ ਅਤੇ ਹੋਰ ਕੇਸਾਂ ਵਿੱਚ ਹੁੰਦੀ ਖੱਜਲ-ਖੁਆਰੀ ਨੂੰ ਖ਼ਤਮ ਕਰਨ ਅਤੇ ਲੰਬਿਤ ਮਾਮਲਿਆਂ ਦੇ ਫੌਰੀ ਹੱਲ ਕਰਨ ਲਈ ਵਿਭਾਗ ਨੂੰ ਮਾਲ ਵਿਭਾਗ ਅਤੇ ਪੁਲਿਸ ਵਿਭਾਗ ਨਾਲ ਰਾਬਤਾ ਕਾਇਮ ਕਰਕੇ ਹਰ ਜ਼ਿਲ੍ਹੇ ਵਿੱਚ ਸਮਰਪਿਤ ਅਧਿਕਾਰੀ ਤਾਇਨਾਤ ਕਰਨ ਬਾਰੇ ਕੋਈ ਖਾਕਾ ਉਲੀਕਣ ਲਈ ਕਿਹਾ।

Click to comment

Leave a Reply

Your email address will not be published.

Most Popular

To Top