ਐਂਬੂਲੈਂਸ ਮੁਲਾਜ਼ਮਾਂ ਦੀ ਚਿਤਾਵਨੀ, ‘ਅੱਜ 12 ਵਜੇ ਤੱਕ ਮੰਗਾਂ ਨਾ ਮੰਨੀਆਂ ਤਾਂ ਨੈਸ਼ਨਲ ਹਾਈਵੇ ਕਰਾਂਗੇ ਜਾਮ’

 ਐਂਬੂਲੈਂਸ ਮੁਲਾਜ਼ਮਾਂ ਦੀ ਚਿਤਾਵਨੀ, ‘ਅੱਜ 12 ਵਜੇ ਤੱਕ ਮੰਗਾਂ ਨਾ ਮੰਨੀਆਂ ਤਾਂ ਨੈਸ਼ਨਲ ਹਾਈਵੇ ਕਰਾਂਗੇ ਜਾਮ’

ਲਾਡੋਵਾਲ ਟੋਲ ਪਲਾਜ਼ਾ ਤੇ ਪਿਛਲੇ 3 ਦਿਨਾਂ ਤੋਂ ਧਰਨਾ ਲਾ ਕੇ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ 108 ਐਂਬੂਲੈਂਸ ਐਸੋਸੀਏਸ਼ਨ ਦੇ ਮੁਲਾਜ਼ਮਾਂ ਦੀ ਅੱਜ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਗੱਲਬਾਤ ਦਾ ਕੋਈ ਸੁਨੇਹਾ ਨਾ ਮਿਲਣ ਤੋਂ ਬਾਅਦ ਐਸੋਸੀਏਸ਼ਨ ਨੇ ਨੈਸ਼ਨਲ ਹਾਈਵੇਅ ਜਾਮ ਕਰਨ ਦਾ ਐਲਾਨ ਕਰ ਦਿੱਤਾ।

PunjabKesari

ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਮਨਪ੍ਰੀਤ ਸਿੰਘ ਨਿੱਝਰ ਨੇ ਅੱਜ ਪ੍ਰੈਸ ਨੂੰ ਦੱਸਿਆ ਕਿ ਪੰਜਾਬ ਬਦਲਾਅ ਲਿਆਉਣ ਦਾ ਰਾਗ ਅਲਾਪ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਪਿਛਲੀਆਂ ਸਰਕਾਰਾਂ ਦੇ ਰਾਹ ਤੇ ਚੱਲ ਰਹੀ ਹੈ। ਸਾਡੀ ਯੂਨੀਅਨ ਪਿਛਲੇ 3 ਦਿਨਾਂ ਤੋਂ ਠੰਡ ’ਚ ਆਪਣੀਆਂ ਮੰਗਾਂ ਖਾਤਿਰ ਟੋਲ ਪਲਾਜ਼ਾ ’ਤੇ ਧਰਨਾ ਲਾ ਕੇ ਬੈਠੀ ਹੋਈ ਹੈ ਪਰ ਪੰਜਾਬ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਹੋਈ ਹੈ, ਜੋ ਸਾਨੂੰ ਰੋਜ਼ ਲੌਲੀਪੋਪ ਦੇ ਕੇ ਧਰਨਾ ਖ਼ਤਮ ਕਰਵਾਉਣਾ ਚਾਹੁੰਦੀ ਹੈ ਪਰ ਅਸੀਂ ਉਦੋਂ ਤੱਕ ਆਪਣਾ ਧਰਨਾ ਨਹੀਂ ਚੁੱਕਾਂਗੇ, ਜਦੋਂ ਤੱਕ ਪੰਜਾਬ ਸਰਕਾਰ ਸਾਡੀਆਂ ਮੰਗਾਂ ’ਤੇ ਅਮਲ ਨਹੀਂ ਕਰਦੀ।

ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇ ਐਤਵਾਰ 12 ਵਜੇ ਤੱਕ ਸਾਡੀਆਂ ਮੰਗਾਂ ’ਤੇ ਸਰਕਾਰ ਨੇ ਕੋਈ ਧਿਆਨ ਨਾ ਦਿੱਤਾ ਤਾਂ ਅਸੀਂ 108 ਐਂਬੂਲੈਂਸਾਂ ਦੇ ਨਾਲ ਲਾਡੋਵਾਲ ਟੋਲ ਪਲਾਜ਼ਾ ’ਤੇ ਨੈਸ਼ਨਲ ਹਾਈਵੇ ਪੂਰੀ ਤਰ੍ਹਾਂ ਜਾਮ ਕਰਾਂਗੇ, ਜਿਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਪ੍ਰਧਾਨ ਨਿੱਝਰ ਨੇ ਕਿਹਾ ਕਿ 1450 ਮੁਲਾਜ਼ਮ 108 ਐਂਬੂਲੈਂਸ ’ਤੇ ਪਿਛਲੇ 11 ਸਾਲਾਂ ਤੋਂ ਆਪਣੀਆਂ ਜਾਇਜ਼ ਮੰਗਾਂ ਮੰਨਣ ਦੀ ਮੰਗ ਕਰ ਰਹੇ ਹਨ ਪਰ ਅੱਜ ਤੱਕ ਉਨ੍ਹਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ।

ਪੰਜਾਬ ਸਰਕਾਰ ਦੀ ਅਜਿਹੀ ਕੀ ਮਜਬੂਰੀ ਹੈ ਕਿ ਉਹ 108 ਐਂਬੂਲੈਂਸ ਦੇ ਠੇਕੇਦਾਰ ਨੂੰ ਛੱਡਣਾ ਨਹੀਂ ਚਾਹੁੰਦੀ। ਲਾਡੋਵਾਲ ਟੋਲ ਪਲਾਜ਼ਾ ’ਤੇ ਧਰਨਾ ਲਾ ਕੇ ਬੈਠੇ 108 ਐਂਬੂਲੈਂਸ ਐਸੋਸੀਏਸ਼ਨ ਨੂੰ ਅੱਜ ਰਾਸ਼ਟਰੀ ਭਗਵਾ ਸੈਨਾ, ਵਾਲਮੀਕਿ ਧਰਮ ਸਮਾਜ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਆਲ ਐਂਬੂਲੈਂਸ ਆਪ੍ਰੇਟਰਜ਼ ਯੂਨੀਅਨ ਪੰਜਾਬ, 108, 104 ਯੂਨੀਅਨ ਰਾਜਸਥਾਨ ਨੇ ਖੁੱਲ੍ਹ ਕੇ ਹਮਾਇਤ ਦੇਣ ਦਾ ਐਲਾਨ ਕਰ ਦਿੱਤਾ ਹੈ, ਜੋ ਐਤਵਾਰ ਨੂੰ ਨੈਸ਼ਨਲ ਹਾਈਵੇ ਜਾਮ ਕਰਨ ’ਚ ਉਨ੍ਹਾਂ ਨਾਲ ਧਰਨਾ ਪ੍ਰਦਰਸ਼ਨ ਕਰੇਗੀ।

 

Leave a Reply

Your email address will not be published. Required fields are marked *