ਉੱਤਰ ਪ੍ਰਦੇਸ਼ ਦੀਆਂ 58 ਸੀਟਾਂ ’ਤੇ ਵੋਟਾਂ ਜਾਰੀ, 623 ਉਮੀਦਵਾਰਾਂ ਦੀ ਕਿਸਮਤ ਲੱਗੀ ਦਾਅ ’ਤੇ

ਦੇਸ਼ ਦੇ 5 ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਅੱਜ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਵਿੱਚ 11 ਜ਼ਿਲ੍ਹਿਆਂ ਦੀਆਂ 58 ਸੀਟਾਂ ਤੇ ਸਵੇਰੇ 7 ਵਜੇ ਤੋਂ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ। 11 ਵਜੇ ਤੱਕ ਕੁੱਲ 20.3 ਫ਼ੀਸਦੀ ਵੋਟਾਂ ਪਈਆਂ ਹਨ।

ਪਹਿਲੇ ਪੜਾਅ ਦੀਆਂ ਵੋਟਾਂ ਵਿੱਚ ਕੁੱਲ 623 ਉਮੀਦਵਾਰਾਂ ਦੀ ਕਿਸਮਤ ਦਾਅ ਤੇ ਲੱਗੀ ਹੈ ਜਿਹਨਾਂ ਵਿੱਚ 74 ਔਰਤਾਂ ਵੀ ਮੈਦਾਨ ਵਿੱਚ ਉਤਰੀਆਂ ਹਨ। ਸ਼ਾਮ 6 ਵਜੇ ਤੱਕ ਵੋਟਾਂ ਪੈਣਗੀਆਂ। ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਸੱਤਾਧਾਰੀ ਭਾਜਪਾ ਤੋਂ ਲੈ ਕੇ ਸਮਾਜਵਾਦੀ ਪਾਰਟੀ, ਕਾਂਗਰਸ, ਬਹੁਜਨ ਸਮਾਜ ਪਾਰਟੀ ਸਮੇਤ ਤਮਾਮ ਸਿਆਸੀ ਪਾਰਟੀਆਂ ਨੇ ਪ੍ਰਚਾਰ ਵਿੱਚ ਆਪਣਾ ਪੂਰਾ ਦਮ-ਖਮ ਵਿਖਾਇਆ ਹੈ।
ਪਹਿਲੇ ਪੜਾਅ ਵਿੱਚ ਸ਼ਾਮਲੀ, ਮੁਜ਼ੱਫਰਨਗਰ, ਮੇਰਠ, ਬਾਗਪਤ ਗਾਜ਼ੀਆਬਾਦ, ਹਾਪੁੜ, ਗੌਤਮਬੁੱਧ ਨਗਰ, ਬੁਲੰਦਸ਼ਹਿਰ, ਅਲੀਗੜ੍ਹ, ਮਥੁਰਾ ਅਤੇ ਹਾਥਰਸ ਜ਼ਿਲ੍ਹਿਆਂ ਦੀਆਂ 58 ਵਿਧਾਨ ਸਭਾ ਸੀਟਾਂ ਦੇ 2.27 ਕਰੋੜ ਵੋਟਰ 74 ਮਹਿਲਾ ਉਮੀਦਵਾਰਾਂ ਸਮੇਤ ਕੁੱਲ 623 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ।
