ਉਤਰਾਖੰਡ ਦੇ ਸੀਐਮ ਤੀਰਥ ਸਿੰਘ ਰਾਵਤ ਨੇ ਮੁੱਖ ਮੰਤਰੀ ਅਹੁਦੇ ਤੋਂ ਦਿੱਤਾ ਅਸਤੀਫਾ

ਉਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਅੱਜ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਭਾਜਪਾ ਜਨਰਲ ਸਕੱਤਰ ਦੁਸ਼ਯੰਤ ਗੌਤਮ ਦੀ ਹਾਜ਼ਰੀ ਵਿੱਚ ਵਿਧਾਨ ਮੰਡਲ ਦੇ ਨਵੇਂ ਨੇਤਾ ਦੀ ਚੋਣ ਹੋਵੇਗੀ। ਤੀਰਥ ਸਿੰਘ ਰਾਵਤ ਨੇ ਸੰਵਿਧਾਨਕ ਸੰਕਟ ਦੇ ਚੱਲਦੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦਿੱਤਾ ਹੈ। ਇਸ ਤੋਂ ਪਹਿਲਾਂ ਰਾਵਤ ਤਿੰਨ ਦਿਨ ਤੋਂ ਦਿੱਲੀ ਵਿੱਚ ਸਨ।

ਉਨ੍ਹਾਂ ਨੇ ਭਾਜਪਾ ਪ੍ਰਧਾਨ ਜੇ.ਪੀ. ਨੱਡਾ ਨਾਲ ਮੁਲਾਕਾਤ ਵੀ ਕੀਤੀ। ਨੱਡਾ ਨਾਲ ਮੁਲਾਕਾਤ ਤੋਂ ਬਾਅਦ ਰਾਵਤ ਸ਼ੁੱਕਰਵਾਰ ਦੇਰ ਸ਼ਾਮ ਦੇਹਰਾਦੂਨ ਪੁੱਜੇ ਅਤੇ ਰਾਜਪਾਲ ਨਾਲ ਮੁਲਾਕਾਤ ਦਾ ਸਮਾਂ ਮੰਗਿਆ। ਰਾਜਪਾਲ ਨਾਲ ਮੁਲਾਕਾਤ ਤੋਂ ਬਾਅਦ ਰਾਵਤ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਦੱਸ ਦਈਏ ਕਿ ਰਾਵਤ ਨੇ ਇਸ ਸਾਲ ਮਾਰਚ ਵਿੱਚ ਉਤਰਾਖੰਡ ਦਾ ਮੁੱਖ ਮੰਤਰੀ ਅਹੁਦਾ ਸੰਭਾਲਿਆ ਸੀ।
ਤੀਰਥ ਸਿੰਘ ਨੂੰ ਸੀ.ਐੱਮ. ਅਹੁਦੇ ਤੋਂ ਇਸ ਲਈ ਹਟਣਾ ਪੈ ਰਿਹਾ ਹੈ ਕਿਉਂਕਿ ਮੁੱਖ ਮੰਤਰੀ ਦੀ ਕੁਰਸੀ ਸੰਭਾਲਣ ਦੇ ਛੇ ਮਹੀਨੇ ਦੇ ਅੰਦਰ ਯਾਨੀ 10 ਸਤੰਬਰ ਤੱਕ ਉਨ੍ਹਾਂ ਦਾ ਵਿਧਾਇਕ ਬਣਨਾ ਜ਼ਰੂਰੀ ਹੈ। ਉਤਰਾਖੰਡ ਦੀਆਂ ਦੋ ਸੀਟਾਂ ‘ਤੇ ਉਪ ਚੋਣਾਂ ਵੀ ਹੋਣੀਆਂ ਹਨ ਪਰ ਕੋਰੋਨਾ ਮਹਾਮਾਰੀ ਨੂੰ ਲੈ ਕੇ ਫ਼ਿਲਹਾਲ ਉਪ ਚੋਣਾਂ ‘ਤੇ ਚੋਣ ਕਮਿਸ਼ਨ ਦੀ ਰੋਕ ਹੈ। ਘੋਸ਼ਣਾਵਾਂ ਦੌਰਾਨ, ਤੀਰਥ ਸਿੰਘ ਰਾਵਤ ਨੇ ਕਿਹਾ ਸੀ ਕਿ ਕੋਵਿਡ -19 ਮਹਾਂਮਾਰੀ ਨਾਲ ਬੁਰੀ ਤਰ੍ਹਾਂ ਪ੍ਰਭਾਵਤ ਹੋਏ ਟਰਾਂਸਪੋਰਟ ਅਤੇ ਸੈਰ-ਸਪਾਟਾ ਖੇਤਰ ਦੇ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਬਹੁਤ ਸਾਰੇ ਕਦਮ ਚੁੱਕੇ ਗਏ ਹਨ ਅਤੇ ਉਨ੍ਹਾਂ ਨੂੰ ਤਕਰੀਬਨ 2000 ਕਰੋੜ ਰੁਪਏ ਦੀ ਸਹਾਇਤਾ ਦਿੱਤੀ ਜਾਏਗੀ।
