ਉਗਰਾਹਾਂ ਜੱਥੇਬੰਦੀ ਦੇ ਪ੍ਰਧਾਨ ਦਾ ਸਿਆਸੀ ਲੀਡਰਾਂ ’ਤੇ ਵੱਡਾ ਬਿਆਨ

ਜਦੋਂ ਤੋਂ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਹੈ ਕਿ ਉਦੋਂ ਤੋਂ ਹੀ ਕਿਸਾਨਾਂ ਨੇ ਸਿਆਸੀ ਲੀਡਰਾਂ ਨੂੰ ਕਿਸਾਨੀ ਅੰਦੋਲਨ ਤੋਂ ਦੂਰ ਰਹਿਣ ਦੀ ਗੱਲ ਕਹੀ ਸੀ। ਉੱਥੇ ਹੀ ਕਿਸਾਨ ਜੱਥੇਬੰਦੀ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਰਾਂ ਨੇ ਸਿਆਸੀ ਲੀਡਰਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਕਿਸਾਨ ਲੀਡਰ ਕਿਸਾਨਾਂ ਦੇ ਅੰਦੋਲਨ ਤੋਂ ਦੂਰ ਹੀ ਰਹਿਣ।

ਕਿਸਾਨ ਆਗੂ ਨੇ ਕਿਹਾਕਿ ਇਹ ਕਿਸਾਨਾਂ ਦੇ ਅੰਦੋਲਨ ਹਨ ਅਤੇ ਇਸ ਲਈ ਸਿਆਸਤ ਦੂਰ ਹੀ ਰਹੇਗੀ। ਸਿਆਸੀ ਲੀਡਰ ਸਿਰਫ਼ ਰਾਜ ਕਰਨਾ ਜਾਣਦੇ ਹਨ ਅਤੇ ਰਾਜ ਕਰਨ ਵਾਲਿਆਂ ਨੂੰ ਝੂਠ ਬੋਲਣਾ ਆਉਂਦਾ ਹੈ। ਸਿਆਸੀ ਲੀਡਰ ਲੋਕਾਂ ਦੇ ਚੁਣੇ ਹੋਏ ਹਨ ਅਤੇ ਜੇ ਉਹਨਾਂ ਨੂੰ ਲੋਕਾਂ ਦਾ ਬਹੁਤਾ ਹੇਜ ਹੈ ਤਾਂ ਉਹ ਚਾਰ-ਪੰਜ ਖਾਲੀ ਪਈਆਂ ਸੜਕਾਂ ਤੇ ਅਪਣੀ ਸਟੇਜ਼ ਲਗਾ ਸਕਦੇ ਹਨ ਪਰ ਕਿਸਾਨਾਂ ਦੇ ਅੰਦੋਲਨ ਵਿੱਚ ਆ ਕੇ ਖਿਲਾਰਾ ਨਹੀਂ ਪਾਉਣ ਦਿੱਤਾ ਜਾਵੇਗਾ।
ਉਹਨਾਂ ਅੱਗੇ ਕਿਹਾ ਕਿ ਜੇ ਕੱਲ੍ਹ ਨੂੰ ਪ੍ਰਕਾਸ਼ ਸਿੰਘ ਬਾਦਲ ਕਹੇ ਕਿ ਮੈਂ ਜੱਟ ਹਾਂ ਜਾਂ ਮੈਂ ਕਿਸਾਨ ਹਾਂ ਪਰ ਉਹ ਹੁਣ ਕਿਸਾਨ ਨਹੀਂ ਸਗੋਂ ਇਕ ਸਿਆਸੀ ਆਗੂ ਹਨ। ਸਿਆਸੀ ਲੀਡਰ ਚਾਹੁਣ ਤਾਂ ਵੱਖਰੀਆਂ ਸਟੇਜਾਂ ਲਾ ਕੇ ਅਪਣਾ ਸੰਬੋਧਨ ਕਰ ਸਕਦੇ ਹਨ। ਫਿਰ ਉਹ ਭਾਵੇ ਸਾਡੇ ਖਿਲਾਫ਼ ਬੋਲਣ ਜਾਂ ਸਰਕਾਰ ਦੇ ਸਾਨੂੰ ਕੋਈ ਇਤਰਾਜ਼ ਨਹੀਂ ਹੈ।
26 ਨਵੰਬਰ ਤੋਂ ਸ਼ੁਰੂ ਹੋਇਆ ਕਿਸਾਨਾਂ ਦਾ ਪ੍ਰਦਰਸ਼ਨ ਅੱਜ 11ਵੇਂ ਦਿਨ ਵਿੱਚ ਪਹੁੰਚ ਗਿਆ ਹੈ। ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਸਰਕਾਰ ਤੇ ਦਬਾਅ ਬਣਾਉਣ ਲਈ ਕਿਸਾਨਾਂ ਨੇ 8 ਦਸੰਬਰ ਨੂੰ ਭਾਰਤ ਬੰਦ ਦਾ ਐਲਾਨ ਕੀਤਾ ਹੈ। ਇਸ ਤੋਂ ਠੀਕ ਬਾਅਦ ਯਾਨੀ ਕਿ 9 ਦਸੰਬਰ ਨੂੰ 6ਵੇਂ ਦੌਰ ਦੀ ਗੱਲਬਾਤ ਲਈ ਕਿਸਾਨ ਅਤੇ ਕੇਂਦਰ ਵਿਚਾਲੇ ਬੈਠਕ ਹੋਵੇਗੀ।
