ਈਡੀ ਸਾਹਮਣੇ ਪੇਸ਼ ਹੋਇਆ ਕੈਪਟਨ ਅਮਰਿੰਦਰ ਦਾ ਪੁੱਤਰ ਰਣਇੰਦਰ, ਫੇਮਾ ਤਹਿਤ ਪੁੱਛਗਿੱਛ ਜਾਰੀ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁੱਤਰ ਰਣਇੰਦਰ ਸਿੰਘ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ ਦੀ ਉਲੰਘਣਾ ਮਾਮਲੇ ਵਿੱਚ ਵੀਰਵਾਰ ਨੂੰ ਜਲੰਧਰ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਦਫ਼ਤਰ ਵਿੱਚ ਪੇਸ਼ ਹੋਇਆ ਹੈ। ਦਸ ਦਈਏ ਕਿ ਰਣਇੰਦਰ ਈਡੀ ਦੇ ਤੀਜੇ ਨੋਟਿਸ ਮਗਰੋਂ ਪੇਸ਼ ਹੋਇਆ ਹੈ।

ਇਸ ਤੋਂ ਪਹਿਲਾਂ ਰਣਇੰਦਰ ਸਿੰਘ ਨੂੰ ਅਕਤੂਬ ਤੇ 6 ਨਵੰਬਰ ਨੂੰ ਈਡੀ ਸਾਮਹਣੇ ਪੇਸ਼ ਹੋਣ ਦਾ ਨੋਟਿਸ ਭੇਜਿਆ ਗਿਆ ਸੀ। ਉਹ ਪਹਿਲਾਂ ਖੇਡਾਂ ਦੀ ਬੈਠਕ ਕਰ ਕੇ ਤੇ ਫਿਰ ਕੋਰੋਨਾ ਪਾਜ਼ੀਟਿਵ ਮੰਤਰੀ ਨਾਲ ਮੁਲਾਕਾਤ ਮਗਰੋਂ ਖੁਦ ਨੂੰ ਕੁਆਰੰਟੀਨ ਕਰ ਕੇ ਪੇਸ਼ ਨਹੀਂ ਹੋਇਆ ਸੀ।
ਦਸ ਦਈਏ ਕਿ ਰਣਇੰਦਰ ਖਿਲਾਫ਼ ਈਡੀ ਵੱਲੋਂ ਜਾਰੀ ਸੰਮਨ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ ਤਹਿਤ ਦਰਜ ਇਕ ਕੇਸ ਨਾਲ ਸਬੰਧਿਤ ਹੈ। ਰਣਇੰਦਰ ਸਿੰਘ ਤੋਂ ਈਡੀ ਨੇ ਸਾਲ 2016 ਵਿੱਚ ਇਸ ਕੇਸ ਵਿੱਚ ਪੁੱਛਗਿੱਛ ਕੀਤੀ ਸੀ ਤੇ ਉਸ ਨੂੰ ਸਵਿਟਰਜ਼ਰਲੈਂਡ ਨੂੰ ਫੰਡਾਂ ਦੀ ਕੀਤੀ ਜਾ ਰਹੀ ਹਰਕਤ ਤੇ ਬ੍ਰਿਟਿਸ਼ ਵਰਜਿਨ ਆਈਲੈਂਡਜ਼ ਵਿੱਚ ਇੱਕ ਟਰੱਸਟ ਤੇ ਕੁੱਝ ਟਰੱਸਟੀ ਬਣਾਉਣ ਬਾਰੇ ਪੁਛਗਿੱਛ ਲਈ ਬੁਲਾਇਆ ਗਿਆ ਸੀ।
ਇਸ ਮਾਮਲੇ ਵਿੱਚ ਪਹਿਲਾਂ ਵੀ ਆਮਦਨੀ ਟੈਕਸ ਵਿਭਾਗ ਵੱਲੋਂ ਪਹਿਲਾਂ ਜਾਂਚ ਕੀਤੀ ਗਈ ਸੀ। ਦਸ ਦਈਏ ਕਿ ਹਾਲ ਹੀ ਵਿੱਚ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਹਰੀਸ਼ ਰਾਵਤ ਨੇ ਵੀ ਈਡੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਦੇ ਪੁੱਤਰ ਨੂੰ ਸੰਮਨ ਜਾਰੀ ਕੀਤੇ ਜਾਣ ਤੇ ਸਵਾਲ ਚੁੱਕੇ ਸੀ।
ਰਾਵਤ ਨੇ ਕਿਹਾ ਸੀ ਕਿ ਈਡੀ ਸੰਮਨ ਜਾਰੀ ਕਰ ਕੇ ਅਮਰਿੰਦਰ ਸਿੰਘ ਦੀ ਆਵਾਜ਼ ਨੂੰ ਦਬਾ ਨਹੀਂ ਸਕਦੇ। ਅਜਿਹਾ ਇਸ ਲਈ ਕਿਉਂ ਕਿ ਕੈਪਟਨ ਨੇ ਸੰਮਨ ਜਾਰੀ ਹੋਣ ਤੋਂ ਕੁੱਝ ਦਿਨ ਪਹਿਲਾਂ ਹੀ ਪੰਜਾਬ ਵਿੱਚ ਕੇਂਦਰੀ ਖੇਤੀ ਕਾਨੂੰਨਾਂ ਖਿਲਾਫ਼ ਮਤਾ ਪਾਸ ਕੀਤਾ ਸੀ।
