ਈਡੀ ਦੀ ਵੱਡੀ ਕਾਰਵਾਈ, ਮੁਖਤਾਰ ਅੰਸਾਰੀ ਦੇ ਸਹੁਰਾ ਅਤੇ ਸਾਲੇ ਸਮੇਤ ਕਈ ਲੋਕਾਂ ਨੂੰ ਭੇਜਿਆ ਨੋਟਿਸ

 ਈਡੀ ਦੀ ਵੱਡੀ ਕਾਰਵਾਈ, ਮੁਖਤਾਰ ਅੰਸਾਰੀ ਦੇ ਸਹੁਰਾ ਅਤੇ ਸਾਲੇ ਸਮੇਤ ਕਈ ਲੋਕਾਂ ਨੂੰ ਭੇਜਿਆ ਨੋਟਿਸ

ਬਾਂਦਾ ਜੇਲ੍ਹ ਵਿੱਚ ਬੰਦ ਮਾਫ਼ੀਆ ਮੁਖਤਾਰ ਅੰਸਾਰੀ ’ਤੇ ਈਡੀ ਵੱਲੋਂ ਲਗਾਤਾਰ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਬੀਤੇ ਦਿਨੀਂ ਹੋਈ ਛਾਪੇਮਾਰੀ ਤੋਂ ਬਾਅਦ ਈਡੀ ਨੇ ਮੁਖਤਾਰ ਅੰਸਾਰੀ ਦੇ ਰਿਸ਼ਤੇਦਾਰਾਂ ਨੂੰ ਨੋਟਿਸ ਭੇਜਿਆ ਹੈ। ਈਡੀ ਨੇ ਮੁਖਤਾਰ ਅੰਸਾਰੀ ਦੇ ਸਹੁਰਾ ਜਮਸ਼ੇਦ ਰਜ਼ਾ, ਸਾਲਾ ਆਤਿਫ ਰਜ਼ਾ ਅਤੇ ਲਖਨਊ ਦੇ ਪ੍ਰਾਪਰਟੀ ਡੀਲਰ ਸ਼ਾਦਾਬ ਨੂੰ ਨੋਟਿਸ ਭੇਜਿਆ ਹੈ।

ਈਡੀ ਦੀ ਪ੍ਰਿਆਗਰਾਜ਼ ਯੂਨੀਟ ਨੇ ਬਿਆਨ ਦਰਜ ਕਰਨ ਦੇ ਲਈ ਮੁਖਤਾਰ ਅੰਸਾਰੀ ਦੇ ਰਿਸ਼ਤੇਦਾਰਾਂ ਨੂੰ ਨੋਟਿਸ ਭੇਜਿਆ ਹੈ। ਇਸ ਤੋਂ ਪਹਿਲਾਂ ਹਾਲ ਹੀ  ਵਿੱਚ ਈਡੀ ਨੇ ਮੁਖਤਾਰ ਅੰਸਾਰੀ ਦੇ 12 ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਸੀ। ਦੱਸਿਆ ਜਾ ਰਿਹਾ ਹੈ ਕਿ ਈਡੀ ਨੂੰ ਛਾਪੇਮਾਰੀ ਵਿੱਚ ਕਰੋੜਾਂ ਦੇ ਲੈਣ-ਦੇਣ ਦਾ ਪਤਾ ਲੱਗਿਆ ਹੈ। ਜਿਸ ਤੋਂ ਬਾਅਦ ਈਡੀ ਨੇ ਕਾਰਵਾਈ ਵਿੱਚ ਵਿਰੋਧੀ ਧਿਰ ਨੂੰ ਆਪਣਾ ਪੱਖ ਰੱਖਣ ਲਈ ਨੋਟਿਸ ਜਾਰੀ ਕੀਤਾ ਹੈ।

ਜਲਦ ਹੀ ਈਡੀ ਦੇ ਪ੍ਰਿਆਗਰਾਜ਼ ਦਫ਼ਤਰ ਵਿੱਚ ਇਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਈਡੀ ਦੀ ਛਾਪੇਮਾਰੀ ਵਿੱਚ ਮੁਖਤਾਰ ਅੰਸਾਰੀ ਅਤੇ ਉਸ ਦੇ ਕਰੀਬੀਆਂ ਦੀ 100 ਬੇਨਾਮੀ ਜਾਇਦਾਦ ਬਾਰੇ ਪਤਾ ਚਲਿਆ ਸੀ। ਉਸ ਤੋਂ ਬਾਅਦ ਈਡੀ ਨੇ ਮੁਖਤਾਰ ਅਤੇ ਉਸ ਦੇ ਕਰੀਬੀਆਂ ਦੇ 11 ਠਿਕਾਣਿਆਂ ’ਤੇ ਛਾਪੇਮਾਰੀ ਕੀਤੀ ਸੀ। ਈਡੀ ਦੀ ਇਹ ਕਾਰਵਾਈ ਲਖਨਊ, ਦਿੱਲੀ, ਗਾਜ਼ੀਪੁਰ ਅਤੇ ਮਊ ਸਮੇਤ ਕੁੱਲ 11 ਟਿਕਾਣਿਆਂ ’ਤੇ ਹੋਈ ਸੀ।

ਛਾਪੇਮਾਰੀ ਵਿੱਚ ਕੁੱਝ ਸ਼ੱਕੀ ਕਾਗਜ਼ ਅਤੇ ਹੋਰ ਜਾਣਕਾਰੀ ਮਿਲਣ ਦੀ ਗੱਲ ਸਾਹਮਣੇ ਆਈ ਹੈ। ਜਾਣਕਾਰੀ ਮਿਲੀ ਹੈ ਕਿ ਈਡੀ ਦੀ ਛਾਪੇਮਾਰੀ ਦੌਰਾਨ ਜਿਹੜੇ ਲੋਕਾਂ ਦੇ ਨਾਮ ਸਾਹਮਣੇ ਆਏ ਹਨ ਉਹਨਾਂ ਨੂੰ ਸੰਮਨ ਭੇਜਣੇ ਸ਼ੁਰੂ ਕਰ ਦਿੱਤੇ ਹਨ। ਲਖਨਊ ਵਿੱਚ ਈਡੀ ਨੇ ਡਾਲੀ ਬਾਗ਼ ਵਿੱਚ ਸਥਿਤ ਗਰੈਂਡੀਅਰ ਅਪਾਰਟਮੈਂਟ ਵਿੱਚ ਛਾਪਾ ਮਾਰਿਆ ਸੀ।

ਜਿੱਥੇ ਪਹਿਲਾਂ ਕੌਮੀ ਏਕਤਾ ਦਲ ਦਾ ਦਫ਼ਤਰ ਸੀ। ਦੱਸਿਆ ਜਾ ਰਿਹਾ ਹੈ ਕਿ ਮੁਖਤਾਰ ਅੰਸਾਰੀ ਦੇ ਕਈ ਕਰੀਬੀਆਂ ਨੇ ਇੱਥੇ ਫਲੈਟ ਲਏ ਹੋਏ ਹਨ। ਮੁਖਤਾਰ ਦੇ ਭਰਾ ਅਫਜ਼ਾਲ ਅਤੇ ਲਖਨਊ ਦੇ ਡਾਲੀ ਬਾਗ਼ ਵਿੱਚ ਰਹਿਣ ਵਾਲੇ ਚਚੇਰੇ ਭਰਾ ਅਤੇ ਸਾਂਢੂ ਤੰਨੂ ਅੰਸਾਰੀ ਦੇ ਘਰ ਵੀ ਛਾਪੇਮਾਰੀ ਕੀਤੀ ਗਈ ਹੈ।

Leave a Reply

Your email address will not be published.