ਇਸ ਸੁਸਾਇਟੀ ਨੇ ਕਿਸਾਨਾਂ ਦੇ ਪਰਿਵਾਰਾਂ ਦੇ ਮੁਫ਼ਤ ਮੈਡੀਕਲ ਟੈਸਟ ਕਰਨ ਦਾ ਕੀਤਾ ਐਲਾਨ

ਕਿਸਾਨਾਂ ਦੇ ਅੰਦੋਲਨ ਨਾਲ ਹੁਣ ਹਰ ਵਰਗ ਜੁੜ ਚੁੱਕਾ ਹੈ। ਹਰ ਕੋਈ ਅਪਣੇ-ਅਪਣੇ ਤਰੀਕੇ ਨਾਲ ਕਿਸਾਨਾਂ ਦੀ ਮਦਦ ਕਰ ਰਿਹਾ ਹੈ। ਉੱਥੇ ਹੀ ਸਮਾਜ ਸੇਵੀ ਸੰਸਥਾ ਸਿਟੀਜ਼ਨ ਵੈਲਫੇਅਰ ਸੁਸਾਇਟੀ ਟਾਂਡਾ ਵੱਲੋਂ ਚਲਾਈ ਜਾ ਰਹੀ ਚੈਰੀਟੇਬਲ ਲੈਬਾਰਟੀ ਵਿੱਚ ਕਿਸਾਨ ਅੰਦੋਲਨ ਵਿੱਚ ਲੱਗੇ ਕਿਸਾਨਾਂ ਦੇ ਪਰਿਵਾਰਾਂ ਦੇ ਮੈਡੀਕਲ ਟੈਸਟ ਮੁਫ਼ਤ ਕੀਤੇ ਜਾਣਗੇ।

ਇਹ ਫ਼ੈਸਲਾ ਸੁਸਾਇਟੀ ਦੀ ਮੀਟਿੰਗ ਦੌਰਾਨ ਸਮੂਹ ਟੀਮ ਮੈਂਬਰਾਂ ਨੇ ਲਿਆ। ਇਸ ਮੌਕੇ ਮੁੱਖ ਮਹਿਮਾਨ ਚੀਫ਼ ਕੈਮੀਕਲ ਐਗਜ਼ਾਮੀਨਰ ਪੰਜਾਬ ਡਾ. ਕੇਵਲ ਸਿੰਘ ਕਾਜਲ ਏ.ਬੀ. ਦਲਬੀਰ ਕੌਰ ਚੈਰੀਟੇਬਲ ਲੈਬਾਰਟਰੀ ਦਾ ਸਲਾਨਾ ਕੈਲੰਡਰ ਜਾਰੀ ਕਰਦੇ ਹੋਏ ਸੁਸਾਇਟੀ ਦੇ ਸਮਾਜ ਸੇਵੀ ਮਿਸ਼ਨ ਦੀ ਸ਼ਲਾਘਾ ਕੀਤੀ।
ਸਮੂਹ ਸੁਸਾਇਟੀ ਮੈਂਬਰਾਂ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਦੇਸ਼ ਵਿਆਪੀ ਕਿਸਾਨ ਅੰਦੋਲਨ ਦਾ ਸਮਰਥਨ ਕਰਦੇ ਹੋਏ ਆਖਿਆ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਆਪਣੀ ਜਿੱਦ ਛੱਡ ਦੇਣ ਤੇ ਇਹ ਕਾਨੂੰਨ ਰੱਦ ਕਰ ਦੇਣ। ਪਿਛਲੇ ਇਕ ਮਹੀਨੇ ਤੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਨੂੰ ਲੈ ਕੇ ਲੱਖਾਂ ਕਿਸਾਨ ਕੜਾਕੇ ਦੀ ਠੰਡ ਵਿੱਚ ਸੜਕਾਂ ਤੇ ਰਾਤਾਂ ਕੱਟਣ ਨੂੰ ਮਜ਼ਬੂਰ ਹਨ।
ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਅਜੀਤ ਸਿੰਘ ਗੋਰਾਇਆ, ਪ੍ਰਧਾਨ ਗੁਰਮਿੰਦਰ ਸਿੰਘ, ਅਮਰਜੀਤ ਸਿੰਘ ਤੁੱਲੀ, ਰਵਿੰਦਰ ਸਿੰਘ ਰਵੀ, ਦਰਸ਼ਨ ਸਿੰਘ, ਮਨਜੀਤ ਸਿੰਘ, ਪ੍ਰਿੰਸੀਪਲ ਗੁਰਦੀਪ ਸਿੰਘ, ਅਤੇ ਹੋਰ ਕਈ ਮੌਜੂਦ ਸਨ।
