ਇਸ ਬੇਬੇ ਦੀ ਉਮਰ 132 ਸਾਲ, ਪਰ ਯਾਦਾਸ਼ਤ ਅੱਜ ਵੀ ਹੈ ਕਾਇਮ ਤੇ ਖਾ ਸਕਦੇ ਨੇ ਸਭ ਕੁੱਝ

ਅਜੋਕੇ ਸਮੇਂ ਵਿੱਚ ਲਗਭਗ ਹਰ ਵਿਅਕਤੀ ਰੋਗਾਂ ਨਾਲ ਘਿਰਿਆ ਹੋਇਆ ਹੈ। ਅੱਜ ਕੱਲ੍ਹ ਹਰ ਚੀਜ਼ ’ਚ ਮਿਲਾਵਟ ਹੁੰਦੀ ਦੇਖੀ ਜਾ ਸਕਦੀ ਹੈ। ਪਰ ਕੁਝ ਪੁਰਾਣੇ ਲੋਕਾਂ ਦੀ ਸਿਹਤ ਪੁਰਾਣੀਆਂ ਖੁਰਾਕਾਂ ਖਾਣ ਕਰਕੇ ਅਜੇ ਵੀ ਬਰਕਰਾਰ ਹੈ। ਅਕਸਰ ਕਹਿੰਦੇ ਨੇ ਜੇ ਸਿਹਤ ਤੰਦਰੁਸਤ ਹੋਵੇਗੀ ਤਾਂ ਹੀ ਮਨੁੱਖ ਲੰਬੀ ਉਮਰ ਤੱਕ ਅਤੇ ਰੋਗਾਂ ਤੋਂ ਰਹਿਤ ਜ਼ਿੰਦਗੀ ਜੀਅ ਸਕਦਾ ਹੈ। ਅਜਿਹੇ ’ਚ ਲੰਬੀ ਉਮਰ ਦੀ ਮਿਸਾਲ ਬਣੇ ਨੇ ਮਾਤਾ ਬਸੰਤ ਕੌਰ ਜੋ ਕਿ ਲੋਹੀਆਂ ਖਾਸ ਦੀ ਰਹਿਣ ਵਾਲੇ ਹਨ। ਉਹਨਾਂ ਦੇ ਪਰਿਵਾਰ ਮੁਤਾਬਕ ਬੇਬੇ ਬਸੰਤ ਕੌਰ ਦੀ ਉਮਰ 132 ਸਾਲ ਹੈ, ਪਰ ਜੇ ਕਾਗਜ਼ਾਂ ਮੁਤਾਬਕ ਉਮਰ ਦੀ ਗੱਲ ਕੀਤੀ ਜਾਵੇ ਤਾਂ 124 ਸਾਲ ਦੱਸੀ ਜਾ ਰਹੀ ਹੈ।

ਇਸ ਬਾਰੇ ਮਾਤਾ ਬੇਬੇ ਬਸੰਤ ਕੌਰ ਦੇ ਘਰ ਪਹੁੰਚ ਕੇ ਪੰਜਾਬੀ ਲੋਕ ਚੈਨਲ ਦੇ ਮੁੱਖੀ ਜਗਦੀਪ ਸਿੰਘ ਥਲ਼ੀ ਵੱਲੋਂ ਗੱਲਬਾਤ ਕੀਤੀ ਗਈ। ਇਸ ਦੌਰਾਨ ਮਾਤਾ ਬਸੰਤ ਦੇ ਪਰਿਵਾਰ ਨੇ ਉਹਨਾਂ ਦੀਆਂ ਦੋਵੇਂ ਅੱਖਾਂ ਦੀ ਰੌਸ਼ਨੀ ਚਲੀ ਗਈ ਹੈ ਤੇ ਉਹਨਾਂ ਨੂੰ ਸੁਣਾਈ ਵੀ ਘੱਟ ਦਿੰਦਾ ਹੈ। ਇਸ ਦੇ ਨਾਲ ਹੀ ਮਾਤਾ ਦੇ ਪਰਿਵਾਰ ਨੇ ਦੱਸਿਆ ਕਿ ਉਹਨਾਂ ਦੇ ਦੰਦ 3 ਵਾਰ ਉੱਗ ਚੁੱਕੇ ਹਨ ਅਤੇ ਉਹਨਾਂ ਦੀ 5ਵੀਂ ਪੀੜ੍ਹੀ ਵੀ ਉਹਨਾਂ ਨੂੰ ਦੇਖ ਰਹੀ ਹੈ।

ਬੇਬੇ ਦੇ ਪਰਿਵਾਰ ਨੇ ਮੁਤਾਬਕ ਉਹ ਸਭ ਕੁੱਝ ਖਾ ਸਕਦੇ ਹਨ ਤੇ ਉਹਨਾਂ ਦੀ ਯਾਦਾਸ਼ਤ ਅਜੇ ਵੀ ਕਾਇਮ ਹੈ। ਬੇਬੇ ਬਸੰਤ ਕੌਰ ਦੇ ਪਤੀ 105 ਸਾਲ ਦੀ ਉਮਰ ਵਿੱਚ ਉਹਨਾਂ ਨੂੰ ਅਲਵਿਦਾ ਕਹਿ ਗਏ ਸਨ। ਮਾਤਾ ਬਸੰਤ ਕੌਰ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਨੇ ਅਪਣੇ ਸਮੇਂ ਵਿੱਚ ਬਹੁਤ ਸਾਰੀਆਂ ਘਟਨਾਵਾਂ ਦੇਖੀਆਂ ਹਨ, ਭਾਵੇਂ ਉਹ 1947 ਦੀ ਵੰਡ ਹੋਵੇ, ਚਾਹੇ 84 ਹੋਵੇ।
ਆਪਣੇ ਪਰਿਵਾਰ ਬਾਰੇ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਮੇਰੇ 5 ਭਰਾ ਸੀ ਤੇ 4 ਭੈਣਾਂ ਸਨ। ਇਸ ਦੇ ਨਾਲ ਹੀ ਉਹਨਾਂ ਦੇ 6 ਪੁੱਤਰ, 3 ਧੀਆਂ ਹਨ ਤੇ ਇਹਨਾਂ ਵਿਚੋਂ 4 ਪੁੱਤਰਾਂ ਦੀ ਮੌਤ ਹੋ ਚੁੱਕੀ ਹੈ। ਮਾਤਾ ਦੇ ਪੁੱਤ ਵੱਲੋਂ ਦੱਸਿਆ ਗਿਆ ਕਿ ਉਹ ਅਪਣੇ ਸਮੇਂ ਵਿੱਚ ਇੰਨੇ ਤਕੜੇ ਸਨ ਕਿ ਉਹ ਪੱਠਿਆਂ ਦੀ ਇੱਕ ਕੁਇੰਟਲ ਦੀ ਪੰਡ ਸਿਰ ’ਤੇ ਚੁੱਕ ਲੈਂਦੇ ਸਨ। ਉਹਨਾਂ ਦੇ ਪਰਿਵਾਰ ਵੱਲੋਂ ਮਾਤਾ ਬਸੰਤ ਕੌਰ ਦੀ ਪੂਰੀ ਸੇਵਾ ਕੀਤੀ ਜਾਂਦੀ ਹੈ ਤੇ ਉਹ ਅੱਜ ਵੀ ਰੋਗਾਂ ਤੋਂ ਬਚੇ ਹੋਏ ਹਨ।
